Painful incident in Punjab, entire family consumed poison
ਪੰਜਾਬ ‘ਚ ਦਰਦਨਾਕ ਘਟਨਾ, ਸਾਰੇ ਪਰਿਵਾਰ ਨੇ ਖਾਧਾ ਜ਼ਹਿਰ
ਪਟਿਆਲਾ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਵਿਚ ਇਕ ਦਰਦਨਾਕ ਘਟਨਾ ਵਿਚ ਪਰਿਵਾਰਕ ਵਿਵਾਦ ਦੇ ਚੱਲਦੇ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਚਾਰਾਂ ਨੂੰ ਗੰਭੀਰ ਹਾਲਤ ਵਿਚ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਵਿਕਾਸ ਬਾਤਿਸ਼ (45 ਸਾਲ) ਅਤੇ ਉਸ ਦੀ 13 ਸਾਲਾ ਧੀ ਖੁਸ਼ੀ ਬਾਤਿਸ਼ ਦੀ ਮੌਤ ਹੋ ਗਈ ਜਦਕਿ ਪਤਨੀ ਤਮੰਨਾ ਬਾਤਿਸ਼ (43 ਸਾਲ) ਅਤੇ 11 ਸਾਲਾ ਪੁੱਤਰ ਕਨਵ ਬਾਤਿਸ਼ ਦਾ ਹਸਪਤਾਲ ਵਿਚ ਇਲਾਜ ਜਾਰੀ ਹੈ। ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਬੁੱਧਵਾਰ ਦੇਰ ਰਾਤ ਹਸਪਤਾਲ ਵੱਲੋਂ ਸੂਚਨਾ ਮਿਲੀ ਕਿ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਜ਼ਹਿਰੀਲਾ ਪਦਾਰਥ ਖਾਣ ਕਾਰਨ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਪਰਿਵਾਰ ਵਿਚ ਘਰੇਲੂ ਲੈਣ-ਦੇਣ ਨੂੰ ਲੈ ਕੇ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਪੁਲਸ ਸਾਰੇ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕਰ ਰਹੀ ਹੈ ਅਤੇ ਜ਼ਹਿਰੀਲਾ ਪਦਾਰਥ ਖਾਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀਐੱਸਪੀ ਸਿਟੀ ਵਨ ਸੰਜੀਵ ਸਿੰਗਲਾ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।

