Two friends who went fishing in the Ghaggar River were swept away by the strong current of water
ਘੱਗਰ ਦਰਿਆ ‘ਚ ਮੱਛੀਆਂ ਫੜ੍ਹਨ ਗਏ 2 ਦੋਸਤਾਂ ‘ਤੇ ਵਰ੍ਹਿਆ ਕਹਿਰ, ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹੇ
ਡੇਰਾਬੱਸੀ (ਆਵਾਜ਼ਿ ਕੌਮ ਬਿਊਰੋ)-ਇੱਥੇ ਅੰਬਾਲਾ-ਚੰਡੀਗੜ੍ਹ ਹਾਈਵੇ ‘ਤੇ ਭਾਂਖਰਪੁਰ ਨੇੜੇ ਘੱਗਰ ਦਰਿਆ ‘ਚ ਸ਼ੁੱਕਰਵਾਰ ਦੁਪਹਿਰ ਮੱਛੀਆਂ ਫੜ੍ਹਨ ਗਏ ਦੋ ਵਿਅਕਤੀ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਵਾਲ-ਵਾਲ ਬਚ ਗਿਆ। ਹਾਦਸੇ ਦੇ 2 ਦਿਨ ਬੀਤ ਜਾਣ ਦੇ ਬਾਵਜੂਦ ਵੀ ਦੋਹਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਸਮਾਂ ਬੀਤਣ ਦੇ ਨਾਲ-ਨਾਲ ਉਨ੍ਹਾਂ ਦੇ ਜ਼ਿੰਦਾ ਮਿਲਣ ਦੀਆਂ ਉਮੀਦਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਦੌਰਾਨ ਮੁਬਾਰਕਪੁਰ ਪੁਲਸ ਨੇ ਲਾਪਤਾ ਵਿਅਕਤੀਆਂ ਦੀ ਪਛਾਣ ਦਰਜ ਕਰਕੇ ਜਾਂਚ ਜਾਰੀ ਰੱਖੀ ਹੋਈ ਹੈ। ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਰਹਿਣ ਵਾਲੇ ਚੰਦਾ, ਸੁਰਿੰਦਰ ਅਤੇ ਦਰਸ਼ਨ ਸ਼ੁੱਕਰਵਾਰ ਕਰੀਬ ਢਾਈ ਵਜੇ ਭਾਂਖਰਪੁਰ ਵਿਖੇ ਘੱਗਰ ਦਰਿਆ ਕੰਢੇ ਮੱਛੀਆਂ ਫੜ੍ਹਨ ਲਈ ਪਹੁੰਚੇ ਸਨ। ਉਹ ਵਗਦੇ ਪਾਣੀ ‘ਚ ਚੁੰਨੀਆਂ ਸੁੱਟ ਕੇ ਮੱਛੀਆਂ ਫੜ੍ਹ ਰਹੇ ਸਨ। ਇਸ ਦੌਰਾਨ ਦਰਸ਼ਨ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ‘ਚ ਡਿੱਗ ਕੇ ਵਹਿ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸੁਰਿੰਦਰ ਵੀ ਤੇਜ਼ ਵਹਾਅ ‘ਚ ਰੁੜ੍ਹ ਗਿਆ। ਚੰਦਾ ਵੀ ਉਨ੍ਹਾਂ ਨੂੰ ਬਚਾਉਣ ਲਈ ਪਾਣੀ ‘ਚ ਉਤਰਿਆ ਪਰ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਸ ਦੇ ਪੈਰ ਜ਼ਮੀਨ ‘ਤੇ ਨਹੀਂ ਟਿਕ ਸਕੇ। ਉਸ ਨੇ ਕਿਸੇ ਤਰ੍ਹਾਂ ਦਰਿਆ ਕੰਢੇ ਲੱਗੀਆਂ ਝਾੜੀਆਂ ਅਤੇ ਬੂਟਿਆਂ ਦੀਆਂ ਜੜ੍ਹਾਂ ਫੜ੍ਹ ਕੇ ਆਪਣੀ ਜਾਨ ਬਚਾਈ। ਮੁਬਾਰਕਪੁਰ ਪੁਲਸ ਚੌਂਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਵੀ ਕਰੀਬ ਇੱਕ ਕਿਲੋਮੀਟਰ ਹੇਠਾਂ ਬਨੂੜ ਵੇਅਰ ਤੱਕ ਤਲਾਸ਼ੀ ਲਈ ਗਈ ਪਰ ਦੋਹਾਂ ਲਾਪਤਾ ਵਿਅਕਤੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਦਰਿਆ ਦੇ ਹੇਠਲੇ ਹਿੱਸੇ ਵਿੱਚ ਸਥਿਤ ਫਲੱਡ ਕੰਟਰੋਲ ਸੈਂਟਰ ਅਤੇ ਪੁਲਸ ਕੰਟਰੋਲ ਰੂਮ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਪਰ ਹੁਣ ਤੱਕ ਦੋਵਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

