Maruti Suzuki Ordered to Replace Vehicle in E20 Fuel Dispute by Consumer Commission
ਈ20 ਪੈਟਰੋਲ ਵਾਲੀ ਕਾਰ ਵਿਚ ਖ਼ਰਾਬੀ ਉੱਤੇ ਉਪਭੋਗਤਾ ਅਦਾਲਤ ਨੇ ਮਾਰੁਤੀ ਨੂੰ ਦਿੱਤਾ ਵੱਡਾ ਹੁਕਮ
ਰਾਇਪੁਰ, 16 ਜੁਲਾਈ – ਦੇਸ਼ ਭਰ ਵਿੱਚ ਈ20 ਪੈਟਰੋਲ ਨੂੰ ਲੈ ਕੇ ਚੱਲ ਰਹੀ ਚਰਚਾ ਦੇ ਵਿਚਕਾਰ ਛੱਤੀਸਗੜ੍ਹ ਦੀ ਰਾਜਧਾਨੀ ਰਾਇਪੁਰ ਦੇ ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਣ ਕਮਿਸ਼ਨ ਨੇ ਇੱਕ ਮਹੱਤਵਪੂਰਨ ਫ਼ੈਸਲਾ ਸੁਣਾਇਆ ਹੈ। ਕਮਿਸ਼ਨ ਨੇ ਮਾਰੁਤੀ ਸੁਜ਼ੁਕੀ ਇੰਡੀਆ ਲਿਮਿਟੇਡ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 45 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨੂੰ ਉਸੇ ਮਾਡਲ ਦੀ ਨਵੀਂ ਈ20 ਫਿਊਲ ਪਾਵਰਡ ਕਾਰ ਮੁਹੱਈਆ ਕਰਵਾਏ।
ਕਮਿਸ਼ਨ ਨੇ ਕਿਹਾ ਕਿ ਜੇਕਰ ਕੰਪਨੀ ਨਵੀਂ ਕਾਰ ਦੇਣ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਉਸ ਨੂੰ ਕਾਰ ਦੀ ਪੂਰੀ ਕੀਮਤ ਸਮੇਤ 20 ਲੱਖ 50 ਹਜ਼ਾਰ 494 ਰੁਪਏ ਵਾਪਸ ਕਰਨੇ ਹੋਣਗੇ। ਇਸ ਦੇ ਨਾਲ ਹੀ ਮਾਨਸਿਕ ਪੀੜਾ ਲਈ 1 ਲੱਖ ਰੁਪਏ ਅਤੇ ਮੁਕੱਦਮੇ ਦੇ ਖ਼ਰਚ ਵਜੋਂ 10 ਹਜ਼ਾਰ ਰੁਪਏ ਦੇਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।
ਇਹ ਮਾਮਲਾ ਰਾਇਪੁਰ ਦੇ ਰਹਿਣ ਵਾਲੇ ਡਾ. ਪ੍ਰੇਮਰਾਜ ਦੇਬਤਾ ਨਾਲ ਸਬੰਧਤ ਹੈ, ਜਿਨ੍ਹਾਂ ਨੇ ਜੂਨ 2024 ਵਿੱਚ ਮਾਰੁਤੀ ਗ੍ਰੈਂਡ ਵਿਟਾਰਾ ਸਟ੍ਰਾਂਗ ਹਾਈਬ੍ਰਿਡ ਜ਼ੇਟਾ ਪਲੱਸ ਐੱਸਯੂਵੀ ਖਰੀਦੀ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਵਾਹਨ ਵਿੱਚ ਵਾਰ-ਵਾਰ ਤਕਨੀਕੀ ਖ਼ਰਾਬੀਆਂ ਆਉਂਦੀਆਂ ਰਹੀਆਂ। ਉਨ੍ਹਾਂ ਮੁਤਾਬਕ ਸਰਕਾਰੀ ਲੈਬ ਦੀ ਜਾਂਚ ਦੌਰਾਨ ਪੈਟਰੋਲ ਵਿੱਚ ਮਿਲੇ ਚਿੱਟੇ ਜੰਮੇ ਪਦਾਰਥ ਦੀ ਪਛਾਣ ਇਥੇਨੋਲ ਵਜੋਂ ਹੋਈ।
ਦੂਜੇ ਪਾਸੇ, ਸੰਬੰਧਤ ਮਾਰੁਤੀ ਸੁਜ਼ੁਕੀ ਡੀਲਰਸ਼ਿਪ ਨੇ ਕਮਿਸ਼ਨ ਅੱਗੇ ਦਲੀਲ ਦਿੱਤੀ ਕਿ ਵਾਹਨ ਵਿੱਚ ਆਈ ਖ਼ਰਾਬੀ ਬਾਹਰੀ ਕਾਰਕਾਂ ਕਰਕੇ ਹੋਈ ਸੀ ਅਤੇ ਅਜਿਹੀ ਖ਼ਰਾਬੀ ਕੰਪਨੀ ਦੀ ਵਾਰੰਟੀ ਦੇ ਦਾਇਰੇ ਵਿੱਚ ਨਹੀਂ ਆਉਂਦੀ।

