An incident took place in this big jail of Punjab, the incident will shock you
ਪੰਜਾਬ ਦੀ ਇਸ ਵੱਡੀ ਜੇਲ੍ਹ ਵਿਚ ਹੋ ਗਿਆ ਕਾਂਡ, ਘਟਨਾ ਜਾਣ ਉਡਣਗੇ ਹੋਸ਼
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਇਕ ਵਾਰ ਫਿਰ ਸੁਰਖੀਆਂ ਵਿਚ ਨਜ਼ਰ ਆ ਰਹੀ ਹੈ ਜਿੱਥੇ ਜੇਲ੍ਹ ਵਿਚ ਤਾਇਨਾਤ ਮੈਡੀਕਲ ਅਫਸਰ ਡਾਕਟਰ ਦੀ ਤਲਾਸ਼ੀ ਲੈਣ ਦੌਰਾਨ 997 ਲਾਲ ਰੰਗ ਦੇ ਕੈਪਸੁਲ, ਦੋ ਮੋਬਾਈਲ, 2630 ਭਾਰਤੀ ਕਰੰਸੀ, 1490 ਕੈਪਸਲ, 2050 ਗੋਲੀਆਂ, 53 ਗ੍ਰਾਮ ਚਰਸ ਵਰਗਾ ਪਦਾਰਥ ਅਤੇ ਆਈ20 ਕਾਰ ਬਰਾਮਦ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧ ਵਿਚ ਥਾਣਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਮੁਲਜ਼ਮ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਕੁਲਜੀਤ ਸਿੰਘ ਵੱਲੋਂ ਬੀਤੇ ਕੱਲ ਸਵੇਰੇ ਕਰੀਬ 10:30 ਵਜੇ ਜੇਲ੍ਹ ਵਿਚ ਡਿਊਟੀ ਕਰਨ ਵਾਲੇ ਮੈਡੀਕਲ ਅਫਸਰ ਡਾਕਟਰ ਅਨਮੋਲ ਪ੍ਰੀਤ ਸਿੰਘ ਪੁੱਤਰ ਰਜਿੰਦਰ ਪਾਲ ਸਿੰਘ ਵਾਸੀ ਗਲੀ ਨੰਬਰ 6,ਜੋਤੀਸਰ ਕਲੋਨੀ ਜੰਡਿਆਲਾ ਗੁਰੂ ਦੀ ਤਲਾਸ਼ੀ ਲੈਣ ਲੱਗੇ ਤਾਂ ਉਸਨੇ ਆਪਣੇ ਬੈਗ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਜਦੋਂ ਟੀਮ ਵੱਲੋਂ ਸੰਬੰਧਤ ਡਾਕਟਰ ਦੇ ਬੈਗ ਅਤੇ ਆਈ20 ਕਾਰ ਦੀ ਤਲਾਸ਼ੀ ਲਈ ਗਈ ਉਕਤ ਪਾਬੰਦੀਸ਼ੁਦਾ ਸਮਾਨ ਬਰਾਮਦ ਹੋਇਆ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਰਚਾ ਦਰਜ ਕਰਦੇ ਹੋਏ ਉਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸਐਸਪੀ ਲਾਂਬਾ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਪਾਸੋਂ ਇਹ ਪਤਾ ਲਗਾਇਆ ਜਾਵੇਗਾ ਕਿ ਉਹ ਕਿੰਨੇ ਸਮੇਂ ਤੋਂ ਜੇਲ੍ਹ ਅੰਦਰ ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਲਿਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਡਾਕਟਰ ਦੇ ਪਰਿਵਾਰਿਕ ਮੈਂਬਰ ਵੀ ਪੰਜਾਬ ਅੰਦਰ ਬਤੌਰ ਡਾਕਟਰ ਵਜੋਂ ਤੈਨਾਤ ਹਨ।

