Water level in Ranjit Sagar Dam lake increased in two days, dam management gave warning messages
ਰਣਜੀਤ ਸਾਗਰ ਡੈਮ ਝੀਲ ’ਚ ਦੋ ਦਿਨਾਂ ’ਚ ਵਧਿਆ ਪਾਣੀ ਦਾ ਪੱਧਰ, ਡੈਮ ਪ੍ਰਬੰਧਕਾਂ ਨੇ ਦਿੱਤੇ ਚਿਤਾਵਨੀ ਦੇ ਸੰਦੇਸ਼
ਸ਼ਾਹਪੁਰ ਕੰਢੀ/ਪਠਾਨਕੋਟ (ਆਵਾਜ਼ਿ ਕੌਮ ਬਿਊਰੋ)-ਪਿਛਲੇ ਦੋ ਦਿਨਾਂ ਤੋਂ ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਅਤੇ ਚਮੇਰਾ ਪ੍ਰੋਜੈਕਟ ਵੱਲੋਂ ਛੱਡੇ ਗਏ ਪਾਣੀ ਕਾਰਨ ਰਣਜੀਤ ਸਾਗਰ ਡੈਮ ਪ੍ਰੋਜੈਕਟ ਦੀ ਝੀਲ ਵਿਚ ਪਾਣੀ ਪੱਧਰ ਲਗਾਤਾਰ ਵਧ ਰਿਹਾ ਹੈ। ਜਾਣਕਾਰੀ ਅਨੁਸਾਰ ਸਿਰਫ਼ ਦੋ ਦਿਨਾਂ ’ਚ ਝੀਲ ਦਾ ਜਲ ਪੱਧਰ ਤਿੰਨ ਮੀਟਰ ਤੋਂ ਵੱਧ ਵਧ ਗਿਆ ਹੈ, ਜਿਸ ਕਾਰਨ ਹੇਠਲੇ ਇਲਾਕਿਆਂ ’ਚ ਵੀ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਡੈਮ ਪ੍ਰਬੰਧਕਾਂ ਨੇ ਦੱਸਿਆ ਕਿ ਚਮੇਰਾ ਪ੍ਰੋਜੈਕਟ ਪ੍ਰਬੰਧਨ ਵੱਲੋਂ ਚੇਤਾਵਨੀ ਸੰਦੇਸ਼ ਭੇਜ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਰਾਵੀ ਦਰਿਆ ਵਿਚ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਜਾਵੇਗਾ। ਇਸ ਕਾਰਨ ਦਰਿਆ ਦੇ ਜਲ ਪੱਧਰ ਵਿਚ ਵਾਧਾ ਹੋ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦਰਿਆ ਦੇ ਕਿਨਾਰਿਆਂ ਨੇੜੇ ਨਾ ਜਾਣ ਅਤੇ ਆਪਣੇ ਪਸ਼ੂਆਂ ਤੇ ਸਾਮਾਨ ਨੂੰ ਵੀ ਉਥੇ ਨਾ ਲੈ ਕੇ ਜਾਣ। ਅੱਜ ਚਮੇਰਾ ਪ੍ਰੋਜੈਕਟ ਤੋਂ 96,674 ਕਿਊਸਿਕ ਪਾਣੀ ਰਣਜੀਤ ਸਾਗਰ ਬੰਨ੍ਹ ਦੀ ਝੀਲ ਵਿਚ ਪਹੁੰਚਿਆ, ਜਿਸ ਨਾਲ ਝੀਲ ਦਾ ਜਲ ਪੱਧਰ 505.36 ਮੀਟਰ ਤੱਕ ਪਹੁੰਚ ਗਿਆ। ਦੋ ਦਿਨ ਪਹਿਲਾਂ ਇਹ ਪੱਧਰ 502.26 ਮੀਟਰ ਸੀ। ਪ੍ਰਬੰਧਨ ਅਨੁਸਾਰ ਜਲ ਪੱਧਰ ਵਿੱਚ ਹੋਰ ਵਾਧੇ ਦੀ ਸੰਭਾਵਨਾ ਵੀ ਬਣੀ ਹੋਈ ਹੈ।

