Italy Double Murder Case: Indian youth arrested in UK for murdering 2 Sikh servicemen
ਇਟਲੀ ਡਬਲ ਮਰਡਰ ਕੇਸ: 2 ਸਿੱਖ ਸੇਵਾਦਾਰਾਂ ਦਾ ਕਤਲ ਕਰਨ ਵਾਲਾ ਭਾਰਤੀ ਨੌਜਵਾਨ ਯੂਕੇ ਤੋਂ ਗ੍ਰਿਫ਼ਤਾਰ
ਬੈਰਗਾਮੋ (ਆਵਾਜ਼ਿ ਕੌਮ ਬਿਊਰੋ)-ਉੱਤਰੀ ਇਟਲੀ ਦੇ ਬੈਰਗਾਮੋ ਸੂਬੇ ਦੇ ਕੋਵੋ ਕਸਬੇ ਵਿੱਚ ਬੀਤੀ 17 ਅਪ੍ਰੈਲ 2026 ਨੂੰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਬਾਹਰ ਹੋਏ 2 ਸਿੱਖ ਸੇਵਾਦਾਰਾਂ ਦੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਕਥਿਤ ਦੋਸ਼ੀ 29 ਸਾਲਾ ਭਾਰਤੀ ਨਾਗਰਿਕ ਐੱਸ. ਜੀ. ਨੂੰ ਬਰਮਿੰਘਮ (ਯੂਨਾਈਟਿਡ ਕਿੰਗਡਮ) ਤੋਂ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ‘ਤੇ 47 ਸਾਲਾ ਰਾਜਿੰਦਰ ਸਿੰਘ ਅਤੇ 48 ਸਾਲਾ ਗੁਰਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਦੋਸ਼ ਹੈ। ਇਸ ਹਮਲੇ ਵਿੱਚ ਸੁਚੇਤ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ, ਜੋ ਖੁਸ਼ਕਿਸਮਤੀ ਨਾਲ ਬਚ ਗਿਆ ਸੀ। ਇਟਲੀ ਦੀਆਂ ਜਾਂਚ ਏਜੰਸੀਆਂ ਅਨੁਸਾਰ ਵਾਰਦਾਤ ਤੋਂ ਤੁਰੰਤ ਬਾਅਦ ਦੋਸ਼ੀ ਇਟਲੀ ਤੋਂ ਫਰਾਰ ਹੋ ਕੇ ਪਹਿਲਾਂ ਫਰਾਂਸ ਅਤੇ ਫਿਰ ਯੂਨਾਈਟਿਡ ਕਿੰਗਡਮ ਪਹੁੰਚ ਗਿਆ ਸੀ। ਇਟਲੀ ਅਤੇ ਬ੍ਰਿਟੇਨ ਦੀ ਪੁਲਸ ਦੇ ਸਾਂਝੇ ਯਤਨਾਂ ਨਾਲ ਉਸ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਦੋਸ਼ੀ ਬ੍ਰਿਟੇਨ ਦੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਇਟਲੀ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਗ੍ਰਿਫ਼ਤਾਰੀ ਅਪ੍ਰੈਲ 2026 ਵਿੱਚ ਵਾਪਰੀ ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਦੀ ਜਾਂਚ ਵਿੱਚ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਘਟਨਾ ਨਾਲ ਭਾਰਤੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ ਇੱਕ ਤਾਂ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਘਟਨਾ ਸੀ ਅਤੇ ਦੂਜਾ ਇਸ ਘਟਨਾ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਸੀ, ਕਿਉਂਕਿ ਮਰਨ ਵਾਲੇ ਦੋਵੇਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਜੋਂ ਸੇਵਾ ਨਿਭਾਅ ਰਹੇ ਸਨ।

