Uproar over 650-year-old Adina Mosque in Bengal, BJP leader worships it
ਬੰਗਾਲ ’ਚ 650 ਸਾਲ ਪੁਰਾਣੀ ਅਦੀਨਾ ਮਸਜਿਦ ਨੂੰ ਲੈ ਕੇ ਹੰਗਾਮਾ, ਭਾਜਪਾ ਨੇਤਾ ਨੇ ਕੀਤੀ ਪੂਜਾ
ਮਾਲਦਾ (ਪੱਛਮੀ ਬੰਗਾਲ) (ਆਵਾਜ਼ਿ ਕੌਮ ਬਿਊਰੋ)- ਮਾਲਦਾ ਜ਼ਿਲੇ ਦੇ ਪਾਂਡੂਆ ਵਿਚ ਸਥਿਤ 650 ਸਾਲ ਪੁਰਾਣੀ ਇਤਿਹਾਸਕ ਅਦੀਨਾ ਮਸਜਿਦ ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਇੱਥੇ ਸੱਜੇ-ਪੱਖੀ ਹਿੰਦੂ ਸੰਗਠਨਾਂ ਅਤੇ ਭਾਜਪਾ ਨੇਤਾਵਾਂ ਦਾ ਦਾਅਵਾ ਹੈ ਕਿ ਇਹ ਮਸਜਿਦ ਭਗਵਾਨ ਸ਼ਿਵ ਨੂੰ ਸਮਰਪਿਤ ਪ੍ਰਾਚੀਨ ‘ਆਦਿਨਾਥ ਮੰਦਰ’ ਨੂੰ ਢਾਹ ਕੇ ਬਣਾਈ ਗਈ ਸੀ। ਇਨ੍ਹਾਂ ਦਾਅਵਿਆਂ ਵਿਚਾਲੇ ਆਦਿਨਾਥ ਪੁਰਾਤਨ ਸ਼ਿਵ ਮੰਦਰ ਸੰਗਠਨ ਵੱਲੋਂ ਭਾਜਪਾ ਨੇਤਾ ਕਾਜਲ ਗੋਸਵਾਮੀ ਦੀ ਅਗਵਾਈ ਹੇਠ ਮਸਜਿਦ ਦੇ ਬਾਹਰ ਪੂਜਾ ਸ਼ੁਰੂ ਕੀਤੀ ਗਈ ਅਤੇ ਸੋਮਵਾਰ ਨੂੰ ਉੱਥੇ 1.5 ਟਨ ਦਾ ਸ਼ਿਵਲਿੰਗ ਸਥਾਪਿਤ ਕਰਨ ਦੀ ਯੋਜਨਾ ਬਣਾਈ ਗਈ। ਦਰਅਸਲ, 1373 ਈਸਵੀ ’ਚ ਸੁਲਤਾਨ ਸਿਕੰਦਰ ਸ਼ਾਹ ਵੱਲੋਂ ਬਣਵਾਈ ਗਈ ਅਦੀਨਾ ਮਸਜਿਦ ਨੂੰ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਮੱਧਕਾਲੀ ਭਾਰਤ ਦੀ ਸਭ ਤੋਂ ਵੱਡੀ ਮਸਜਿਦ ਮੰਨਦਾ ਹੈ। ਇਸ ਜਗ੍ਹਾ ਨਾਲ ਜੁੜੇ ਇਤਿਹਾਸਕ ਦਾਅਵਿਆਂ ’ਤੇ ਵਿਵਾਦ ਬਣਿਆ ਹੋਇਆ ਹੈ। ਸੰਗਠਨ ਨੇ ਆਪਣੇ ਪੁਰਾਣੇ ਦਾਅਵੇ ਨੂੰ ਵੀ ਦੁਹਰਾਇਆ ਕਿ ਅਸਲ ਆਦਿਨਾਥ ਮੰਦਰ ਕਦੇ ਉਸੇ ਥਾਂ ’ਤੇ ਸੀ ਜਿੱਥੇ ਹੁਣ ਮਸਜਿਦ ਹੈ। ਸੰਗਠਨ ਨੇ ਕਿਹਾ ਕਿ ਉਹ ਅਖ਼ੀਰ ਵਿਚ ਸੁਰੱਖਿਅਤ ਯਾਦਗਾਰ ਦੇ ਅੰਦਰ ਸ਼ਿਵਲਿੰਗ ਸਥਾਪਿਤ ਕਰਨ ਲਈ ਕਾਨੂੰਨੀ ਇਜਾਜ਼ਤ ਮੰਗੇਗਾ। ਮੌਜੂਦਾ ਮਸਜਿਦ ਦੇ ਨਿਰਮਾਣ ਲਈ ਅਸਲ ਆਦਿਨਾਥ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਅਤੇ ਕੋਈ ਹੰਗਾਮਾ ਨਹੀਂ ਚਾਹੁੰਦੇ।

