China intruded into Taksingh! Arunachal Pradesh Home Minister said – ‘Lies’
ਤਾਕਸਿੰਗ ‘ਚ ਚੀਨ ਨੇ ਕੀਤੀ ਘੁਸਪੈਠ ! ਅਰੁਣਾਚਲ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ- ”ਝੂਠ”
ਈਟਾਨਗਰ (ਆਵਾਜ਼ਿ ਕੌਮ ਬਿਊਰੋ)- ਅਰੁਣਾਚਲ ਪ੍ਰਦੇਸ਼ ਦੇ ਗ੍ਰਹਿ ਮੰਤਰੀ ਮਾਮਾ ਨਾਤੁੰਗ ਨੇ ਐਤਵਾਰ ਨੂੰ ਰਾਜ ਦੇ ਉੱਪਰੀ ਸੁਬਨਸਿਰੀ ਜ਼ਿਲ੍ਹੇ ਦੇ ਤਾਕਸਿੰਗ ਸੈਕਟਰ ‘ਚ ਚੀਨ ਵਲੋਂ ਭਾਰਤੀ ਖੇਤਰ ‘ਚ ਘੁਸਪੈਠ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦੇ ਹੋਏ ਇਨ੍ਹਾਂ ਨੂੰ ਝੂਠ ਅਤੇ “ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ” ਦੱਸਿਆ। ਕਾਰਗਿਲ ਵਿਜੇ ਦਿਵਸ ਸਮਾਰੋਹ ਦੇ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਾਤੁੰਗ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਰਾਜ ਦੇ ਕਿਸੇ ਵੀ ਹਿੱਸੇ ‘ਚ ਘੁਸਪੈਠ ਨਹੀਂ ਕੀਤੀ ਹੈ। ਉਨ੍ਹਾਂ ਕਿਹਾ,”ਅਰੁਣਾਚਲ ਪ੍ਰਦੇਸ਼ ‘ਚ ਚੀਨ ਵੱਲੋਂ ਕੋਈ ਘੁਸਪੈਠ ਨਹੀਂ ਹੋਈ ਹੈ। ਇਹ ਸਭ ਝੂਠ ਅਤੇ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਹਨ। ਸਾਡੇ ਸੈਨਿਕ 24 ਘੰਟੇ ਸਰਹੱਦ ਦੀ ਰਾਖੀ ਕਰ ਰਹੇ ਹਨ। ਕੋਈ ਵੀ ਚੀਨੀ ਭਾਰਤੀ ਖੇਤਰ ‘ਚ ਘੁਸਪੈਠ ਕਰਨ ਦੀ ਹਿੰਮਤ ਨਹੀਂ ਕਰ ਸਕਦਾ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਸਿਰਫ਼ ਅਫਵਾਹਾਂ ਹਨ ਅਤੇ ਹੋਰ ਕੁਝ ਨਹੀਂ।” ਸਰਹੱਦੀ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਨੇੜਲੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ, ਨਾਤੁੰਗ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਲੋਕ ਹਮੇਸ਼ਾ ਦੇਸ਼ ਦੀ ਰੱਖਿਆ ਲਈ ਵਚਨਬੱਧ ਰਹੇ ਹਨ। ਉਨ੍ਹਾਂ ਕਿਹਾ,”ਅਰੁਣਾਚਲ ਪ੍ਰਦੇਸ਼ ਦੇ ਲੋਕ ਹਮੇਸ਼ਾ ਭਾਰਤੀ ਫੌਜ ਦੇ ਨਾਲ ਖੜ੍ਹੇ ਰਹੇ ਹਨ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਖੂਨ ਵਹਾਉਣ ਲਈ ਵੀ ਤਿਆਰ ਹਨ।” ਗ੍ਰਹਿ ਮੰਤਰੀ ਦਾ ਇਹ ਸਪੱਸ਼ਟੀਕਰਨ ਨਾਹਾ ਵੈਲਫੇਅਰ ਸੋਸਾਇਟੀ (NWS) ਦੇ ਦਾਅਵੇ ਤੋਂ ਬਾਅਦ ਆਇਆ ਹੈ ਕਿ ਪਿਛਲੇ ਡੇਢ ਦਹਾਕੇ ਦੌਰਾਨ ਟਾਕਸਿੰਗ ਸੈਕਟਰ ਦੇ ਨੇੜੇ PLA ਦੀਆਂ ਗਤੀਵਿਧੀਆਂ ਵਧੀਆਂ ਹਨ। ਭਾਈਚਾਰਕ ਸੰਗਠਨ ਨੇ ਦਾਅਵਾ ਕੀਤਾ ਕਿ ਚੀਨੀ ਫੌਜ ਦੀਆਂ ਚੌਕੀਆਂ ਅਤੇ ਬੁਨਿਆਦੀ ਢਾਂਚਾ ਹੌਲੀ-ਹੌਲੀ ਸਰਹੱਦ ਦੇ ਨੇੜੇ ਆ ਗਏ ਹਨ। ਸੰਗਠਨ ਨੇ ਇਹ ਵੀ ਕਿਹਾ ਕਿ ਉਸ ਨੇ ਪਹਿਲਾਂ ਇਸ ਸਬੰਧ ‘ਚ ਸੀਨੀਅਰ ਸੰਵਿਧਾਨਕ ਅਧਿਕਾਰੀਆਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਮੰਗ ਪੱਤਰ ਸੌਂਪੇ ਸਨ। ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਪ੍ਰਸਾਰਿਤ ਇਨ੍ਹਾਂ ਦਾਅਵਿਆਂ ਨੇ ਸਥਾਨਕ ਨਿਵਾਸੀਆਂ ‘ਚ ਚਿੰਤਾ ਦਾ ਮਾਹੌਲ ਪੈਦਾ ਕੀਤਾ ਸੀ। ਭਾਰਤ ਅਤੇ ਚੀਨ ਅਰੁਣਾਚਲ ਪ੍ਰਦੇਸ਼ ‘ਚ 1,129 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦੇ ਹਨ। ਬੀਜਿੰਗ ਅਰੁਣਾਚਲ ਪ੍ਰਦੇਸ਼ ਨੂੰ “ਦੱਖਣੀ ਤਿੱਬਤ” ਦਾ ਹਿੱਸਾ ਮੰਨਦਾ ਹੈ। ਭਾਰਤ ਨੇ ਵਾਰ-ਵਾਰ ਚੀਨ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਦੋਹਰਾਇਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇਸ਼ ਦਾ ਇਕ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ।

