Man who was cremated and presumed dead returns alive 3 days later
ਮ੍ਰਿਤਕ ਮੰਨ ਜਿਸ ਵਿਅਕਤੀ ਦਾ ਕੀਤਾ ਸਸਕਾਰ, 3 ਦਿਨ ਬਾਅਦ ਜ਼ਿੰਦਾ ਪਰਤਿਆ
ਔਰਈਆ (ਆਵਾਜ਼ਿ ਕੌਮ ਬਿਊਰੋ)-ਅਜੀਤਮਲ ਕੋਤਵਾਲੀ ਖੇਤਰ ਦੇ ਸੈਦਪੁਰ ਪਿੰਡ ’ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਡੇਢ ਸਾਲ ਤੋਂ ਲਾਪਤਾ ਕਮਲ ਸਿੰਘ (40) ਦਾ ਉਸ ਦੇ ਪਰਿਵਾਰ ਨੇ ਮ੍ਰਿਤਕ ਸਮਝ ਸਸਕਾਰ ਕਰ ਦਿੱਤਾ ਪਰ ਉਹ 3 ਦਿਨ ਬਾਅਦ ਅਚਾਨਕ ਜ਼ਿੰਦਾ ਵਾਪਸ ਆ ਗਿਆ। ਪੁਲਸ ਅਨੁਸਾਰ ਕਮਲ ਦਾ ਆਪਣੀ ਪਤਨੀ ਨਾਲ ਜ਼ਮੀਨ ਦੀ ਵਿਕਰੀ ਤੇ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਘਰੋਂ ਚਲਾ ਗਿਆ। ਇਸ ਦੌਰਾਨ 22 ਜੁਲਾਈ ਨੂੰ ਇਕ ਅਣਪਛਾਤੀ ਲਾਸ਼ ਮਿਲੀ ਤਾਂ ਉਸ ਦੇ ਪਰਿਵਾਰ ਨੇ ਉਸ ਦੇ ਕੱਪੜਿਆਂ ਤੇ ਦਿੱਖ ਦੇ ਆਧਾਰ ‘ਤੇ ਉਸ ਦੀ ਪਛਾਣ ਕਮਲ ਵਜੋਂ ਕੀਤੀ ਤੇ ਅੰਤਿਮ ਸੰਸਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ ਪਤਨੀ ਸੁਨੀਤਾ ਨੇ ਆਪਣੇ ਪੁਰਾਣੇ ਮੋਬਾਈਲ ਤੋਂ ਉਸ ਦਾ ਨੰਬਰ ਮਿਲਾਇਆ। ਫੋਨ ਕਮਲ ਨੇ ਚੁੱਕਿਆ। ਸ਼ਨੀਵਾਰ ਰਾਤ ਕਮਲ ਪਿੰਡ ਵਾਪਸ ਆਇਆ ਤਾਂ ਪਰਿਵਾਰ ਦੇ ਮੈਂਬਰ ਤੇ ਪਿੰਡ ਵਾਸੀ ਉਸ ਨੂੰ ਜ਼ਿੰਦਾ ਦੇਖ ਕੇ ਹੈਰਾਨ ਰਹਿ ਗਏ। ਕਮਲ ਨੇ ਦੱਸਿਆ ਕਿ ਉਹ ਹੁਣ ਤਕ ਗਵਾਲੀਅਰ ਤੇ ਪਾਣੀਪਤ ’ਚ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਪੁਲਸ ਨੇ ਉਸ ਦਾ ਬਿਆਨ ਦਰਜ ਕਰ ਲਿਆ ਹੈ। ਨਾਲ ਹੀ ਬਰਾਮਦ ਹੋਈ ਅਣਪਛਾਤੀ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਸ਼ੁਰੂ ਕਰ ਦਿੱਤੀ ਹੈ।

