Broken leg, doctors perform heart surgery! Woman dies painfully due to negligence
ਟੁੱਟਾ ਪੈਰ, ਡਾਕਟਰਾਂ ਨੇ ਦਿਲ ਦਾ ਕਰ’ਤਾ ਆਪਰੇਸ਼ਨ ! ਲਾਪਰਵਾਹੀ ਕਾਰਨ ਔਰਤ ਦੀ ਹੋਈ ਦਰਦਨਾਕ ਮੌਤ
ਪਾਨੀਪਤ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਪਾਨੀਪਤ ਸ਼ਹਿਰ ਸਥਿਤ ਜੀਟੀ ਰੋਡ ਦੇ ਪਾਰਕ ਹਸਪਤਾਲ ‘ਤੇ ਇਲਾਜ ‘ਚ ਗੰਭੀਰ ਲਾਪਰਵਾਹੀ, ਧੋਖਾਧੜੀ ਅਤੇ ਕਥਿਤ ਫਰਜ਼ੀਵਾੜੇ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੜਕ ਹਾਦਸੇ ‘ਚ ਜ਼ਖ਼ਮੀ ਇਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ।ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਔਰਤ ਦੇ ਪੈਰ ਦੀ ਹੱਡੀ ਟੁੱਟੀ ਸੀ ਪਰ ਹਸਪਤਾਲ ਦੇ ਡਾਕਟਰਾਂ ਨੇ ਬਿਨਾਂ ਮਨਜ਼ੂਰੀ ਦਿਲ ਦੇ ਸਟੈਂਟ (ਛੱਲਾ) ਪਾਉਣ ਦੀ ਪ੍ਰਕਿਰਿਆ ਕਰ ਦਿੱਤੀ। ਮਾਮਲੇ ‘ਚ ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਨੇ ਪੁਲਸ ਨੂੰ ਦੱਸਿਆ ਕਿ 24 ਜੁਲਾਈ ਨੂੰ ਉਸ ਦੀ ਮਾਂ ਗੁੱਡੀ ਦੇਵੀ ਦਾ ਐਕਸੀਡੈਂਟ ਹੋ ਗਿਆ ਸੀ। ਹਾਦਸੇ ‘ਚ ਉਸ ਦੇ ਪੈਰ ਦੀ ਹੱਡੀ ਟੁੱਟ ਗਈ ਸੀ, ਜਿਸ ਤੋਂ ਬਾਅਦ ਇਲਾਜ ਲਈ ਜੀਡੀ ਰੋਡ ਸਥਿਤ ਪਾਰਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਪਰਿਵਾਰ ਨੂੰ ਉਮੀਦ ਸੀ ਕਿ ਪੈਰ ਦਾ ਸਹੀ ਇਲਾਜ ਹੋਣ ਤੋਂ ਬਾਅਦ ਉਸ ਦੀ ਮਾਂ ਜਲਦ ਠੀਕ ਹੋ ਕੇ ਘਰ ਆ ਜਾਵੇਗੀ ਪਰ ਘਰ ‘ਚ ਸਿਰਫ਼ ਮੌਤ ਦੀ ਖਬਰ ਹੀ ਪਹੁੰਚੀ। ਮ੍ਰਿਤਕਾ ਦੇ ਪਰਿਵਾਰ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਤੋਂ ਬਿਨਾਂ ਕੋਈ ਮਨਜ਼ੂਰੀ ਲਏ ਅਤੇ ਉਨ੍ਹਾਂ ਦੇ ਫਰਜ਼ੀ ਦਸਤਖ਼ਤ ਕਰ ਕੇ ਔਰਤ ਦੇ ਦਿਲ ਦੀ ਸਰਜਰੀ ਕਰ ਦਿੱਤੀ। ਬਾਅਦ ‘ਚ ਇਲਾਜ ਦੌਰਾਨ ਹੀ ਔਰਤ ਦੀ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ‘ਚ ਕਾਫ਼ੀ ਗੁੱਸਾ ਹੈ। ਬਾਅਦ ‘ਚ ਪਰਿਵਾਰ ਨੇ ਡਾਕਟਰ ਅਤੇ ਹਸਪਤਾਲ ਪ੍ਰਸ਼ਾਸਨ ‘ਤੇ ਮਿਲੀਭਗਤ, ਲਾਪਰਵਾਹੀ ਅਤੇ ਧਮਕੀ ਦੇਣ ਦਾ ਦੋਸ਼ ਲਗਾਉਂਦੇ ਹੋਏ ਥਾਣਾ ਸੈਕਟਰ-29 ‘ਚ ਲਿਖਤੀ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਹਸਪਤਾਲ ਦੇ ਡਾਕਟਰਾਂ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

