Blackout in Jalandhar! 23 hours of blackout, people’s anger flared up and then…
ਜਲੰਧਰ ‘ਚ ਰਿਹਾ ਬਲੈਕਆਊਟ! 23 ਘੰਟੇ ਬੱਤੀ ਗੁੱਲ, ਲੋਕਾਂ ਦਾ ਭੜਕਿਆ ਗੁੱਸਾ ਤੇ ਫਿਰ…
ਜਲੰਧਰ (ਆਵਾਜ਼ਿ ਕੌਮ ਬਿਊਰੋ)-ਬਿਜਲੀ ਕਰਮਚਾਰੀਆਂ ਦੀਆਂ ਵੱਖ-ਵੱਖ ਯੂਨੀਅਨਾਂ ਦੀ ਹੜਤਾਲ ਕਾਰਨ ਬਿਜਲੀ ਦੇ ਫਾਲਟ ਸਮੇਂ ’ਤੇ ਠੀਕ ਨਾ ਹੋਣ ਨਾਲ ਖ਼ਪਤਕਾਰਾਂ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ। ਐਤਵਾਰ ਨੂੰ ਜਲੰਧਰ ਦੇ ਕਈ ਇਲਾਕਿਆਂ ਵਿਚ ਲੰਮੇ ਸਮੇਂ ਤੱਕ ਬਿਜਲੀ ਬੰਦ ਰਹੀ। ਸਭ ਤੋਂ ਵੱਧ ਪ੍ਰੇਸ਼ਾਨੀ ਨਕੋਦਰ ਰੋਡ ਸਥਿਤ ਖੁਰਲਾ ਕਿੰਗਰਾ, ਟਾਵਰ ਟਾਊਨ ਅਤੇ ਖਾਂਬਰਾ ਇਲਾਕੇ ਦੇ ਲੋਕਾਂ ਨੂੰ ਉਠਾਉਣੀ ਪਈ, ਜਿੱਥੇ ਲਗਭਗ 23 ਘੰਟੇ ਤੱਕ ਬਿਜਲੀ ਗੁੱਲ ਰਹਿਣ ਨਾਲ ਭੜਕੇ ਲੋਕਾਂ ਨੇ ਨਕੋਦਰ ਰੋਡ ਜਾਮ ਕਰਕੇ ਵਿਭਾਗ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਉੱਥੇ ਹੀ ਨਿਊ ਗ੍ਰੀਨ ਪਾਰਕ ਇਲਾਕੇ ਵਿਚ ਵੀ 20 ਘੰਟੇ ਤੋਂ ਵੱਧ ਸਮੇਂ ਤੱਕ ਬਿਜਲੀ ਸਪਲਾਈ ਠੱਪ ਰਹਿਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਖੁਰਲਾ ਕਿੰਗਰਾ ਇਲਾਕਾ ਵਾਸੀਆਂ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਲਗਭਗ 4 ਵਜੇ ਬਿਜਲੀ ਬੰਦ ਹੋਈ ਸੀ। ਕਈ ਵਾਰ ਸ਼ਿਕਾਇਤਾਂ ਦਰਜ ਕਰਵਾਉਣ ਦੇ ਬਾਵਜੂਦ ਐਤਵਾਰ ਦੁਪਹਿਰ ਤੱਕ ਸਪਲਾਈ ਬਹਾਲ ਨਹੀਂ ਹੋ ਸਕੀ। ਲਗਾਤਾਰ ਇੰਤਜ਼ਾਰ ਤੋਂ ਬਾਅਦ ਲੋਕਾਂ ਦਾ ਸਬਰ ਜਵਾਬ ਦੇ ਗਿਆ ਅਤੇ ਉਨ੍ਹਾਂ ਨਕੋਦਰ ਰੋਡ ‘ਤੇ ਧਰਨਾ ਲਾ ਕੇ ਆਵਾਜਾਈ ਜਾਮ ਕਰ ਦਿੱਤੀ। ਪ੍ਰਦਰਸ਼ਨ ਦੌਰਾਨ ਵਿਭਾਗ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਬਿਜਲੀ ਵਿਵਸਥਾ ਵਿਚ ਸੁਧਾਰ ਦੀ ਮੰਗ ਉਠਾਈ ਗਈ। ਮਹਿਲਾ ਕਾਂਗਰਸ ਦੀ ਸੀਨੀਅਰ ਆਗੂ ਅਨੁਰਾਧਾ ਬੰਗਾ ਨੇ ਕਿਹਾ ਕਿ ਲੰਮੇ ਸਮੇਂ ਤੱਕ ਬਿਜਲੀ ਬੰਦ ਰਹਿਣ ਨਾਲ ਲੋਕਾਂ ਨੂੰ ਭਾਰੀ ਗਰਮੀ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੇ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ। ਬਿਜਲੀ ਨਾ ਹੋਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ, ਜਿਸ ਨਾਲ ਲੋਕਾਂ ਦੀ ਪ੍ਰੇਸ਼ਾਨੀ ਹੋਰ ਵਧ ਗਈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਸਮਾਂ ਰਹਿੰਦੇ ਫ਼ਾਲਟ ਠੀਕ ਕਰ ਦਿੰਦਾ ਤਾਂ ਲੋਕਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਨਾ ਹੋਣਾ ਪੈਂਦਾ। ਧਰਨੇ ਕਾਰਨ ਨਕੋਦਰ ਰੋਡ ‘ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਈ ਵਾਹਨ ਚਾਲਕਾਂ ਨੂੰ ਕਾਲੋਨੀਆਂ ਦੇ ਅੰਦਰੂਨੀ ਰਸਤਿਆਂ ਤੋਂ ਹੋ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ, ਜਿਸ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਆਵਾਜਾਈ ਪ੍ਰਭਾਵਿਤ ਰਹੀ। ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪਾਵਰਕਾਮ ਅਧਿਕਾਰੀਆਂ ਨੇ ਵੀ ਮੌਕੇ ’ਤੇ ਪਹੁੰਚ ਕੇ ਤਕਨੀਕੀ ਖ਼ਰਾਬੀ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਦੁਪਹਿਰ ਲਗਭਗ 3 ਵਜੇ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਉਧਰ ਨਕੋਦਰ ਰੋਡ ਸਥਿਤ ਰਤਨ ਮਨੀ ਢਾਬੇ ਦੇ ਪਿੱਛੇ ਪੈਂਦੇ ਨਿਊ ਗ੍ਰੀਨ ਪਾਰਕ ਅਤੇ ਨੇੜਲੇ ਇਲਾਕਿਆਂ ਵਿਚ ਵੀ ਬਿਜਲੀ ਸੰਕਟ ਬਣਿਆ ਰਿਹਾ। ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਲਗਭਗ 9 ਵਜੇ ਬਿਜਲੀ ਗੁੱਲ ਹੋਈ ਸੀ, ਜੋ ਐਤਵਾਰ ਸ਼ਾਮ ਲਗਭਗ 5 ਵਜੇ ਤੱਕ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ। ਖ਼ਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ 1912 ਹੈਲਪਲਾਈਨ ’ਤੇ ਸ਼ਿਕਾਇਤ ਦਰਜ ਕਰਵਾਈ ਸੀ। ਵਿਭਾਗ ਵੱਲੋਂ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਭੇਜੇ ਜਾਣ ਸਬੰਧੀ ਕਈ ਮੈਸੇਜ ਮਿਲੇ ਪਰ ਲੰਮੇ ਸਮੇਂ ਤੱਕ ਫ਼ਾਲਟ ਦੂਰ ਨਾ ਹੋਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਲੋਕਾਂ ਨੇ ਕਿਹਾ ਕਿ ਹੜਤਾਲ ਦਾ ਖਮਿਆਜ਼ਾ ਆਮ ਖਪਤਕਾਰਾਂ ਨੂੰ ਭੁਗਤਣਾ ਪੈ ਰਿਹਾ ਹੈ।

