Punjab: Student attacks principal! Outrage after video goes viral
ਪੰਜਾਬ : ਵਿਦਿਆਰਥੀ ਨੇ ਕਰ ‘ਤਾ ਪ੍ਰਿੰਸੀਪਲ ‘ਤੇ ਹਮਲਾ! ਵੀਡੀਓ ਵਾਇਰਲ ਹੋਣ ਮਗਰੋਂ ਮਚਿਆ ਹੜਕੰਪ
ਮਾਛੀਵਾੜਾ ਸਾਹਿਬ (ਆਵਾਜ਼ਿ ਕੌਮ ਬਿਊਰੋ)-ਗੁਰੂ ਪੂਰਨਿਮਾ ਉਹ ਪਵਿੱਤਰ ਦਿਹਾੜਾ ਹੈ, ਜਿਸ ਦਿਨ ਹਰੇਕ ਵਿਅਕਤੀ ਆਪਣੇ ਗੁਰੂ ਚਾਹੇ ਉਹ ਸਿੱਖਿਆ, ਧਰਮ ਜਾਂ ਕਿਸੇ ਵੀ ਖੇਤਰ ‘ਚ ਹੋਵੇ, ਉਸ ਨੂੰ ਨਮਸਕਾਰ ਕਰਦਾ ਹੈ ਪਰ ਇਸ ਪਵਿੱਤਰ ਦਿਹਾੜੇ ਨੂੰ ਇੱਕ ਚੇਲੇ ਨੇ ਆਪਣੇ ਹੀ ਸਿੱਖਿਅਕ ਪ੍ਰਿੰਸੀਪਲ ਨੂੰ ਰਸਤੇ ‘ਚ ਘੇਰ ਕੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਫਿਰ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਗਿਆਰ੍ਹਵੀਂ ਜਮਾਤ ਦਾ ਨਾਬਾਲਗ ਮੁੰਡੇ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਦੀ ਡਾਂਟ ਲਗਾਈ ਕਿ ਉਸਨੇ ਆਪਣੇ ਸਰੀਰ ’ਤੇ ਕਈ ਤਰ੍ਹਾਂ ਦੇ ਟੈਟੂ ਬਣਵਾਏ ਹੋਏ ਹਨ, ਹੇਅਰ ਸਟਾਈਲ ਵੀ ਅਨੋਖਾ ਰੱਖਿਆ ਹੋਇਆ ਹੈ ਅਤੇ ਨਾਲ ਹੀ ਇੰਚਾਰਜ ਨੇ ਇਹ ਸ਼ਿਕਾਇਤ ਲਗਾਈ ਕਿ ਇਹ ਵਿਦਿਆਰਥੀ ਸਕੂਲ ‘ਚ ਅਨੁਸਾਸ਼ਨ ਵੀ ਭੰਗ ਕਰਦਾ ਹੈ। ਪ੍ਰਿੰਸੀਪਲ ਵਲੋਂ ਜਦੋਂ ਇਸ ਵਿਦਿਆਰਥੀ ਦੀ ਡਾਂਟ ਲਗਾਈ ਜਾ ਰਹੀ ਸੀ ਤਾਂ ਉਹ ਅੱਗੋਂ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੇ ਗੁਰੂ ਨਾਲ ਬਹਿਸਬਾਜ਼ੀ ਕਰਨ ਲੱਗਾ ਅਤੇ ਦੋਵਾਂ ਵਿਚਕਾਰ ਤਕਰਾਰ ਵੱਧ ਗਈ। ਗਿਆਰਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੀ ਡਾਂਟ ਨੂੰ ਮਨ ‘ਚ ਰੱਖਿਆ ਅਤੇ ਛੁੱਟੀ ਉਪਰੰਤ ਜਦੋਂ ਪ੍ਰਿੰਸੀਪਲ ਆਪਣੇ ਸਕੂਟਰ ’ਤੇ ਸਵਾਰ ਹੋ ਘਰ ਲਈ ਜਾਣ ਲੱਗਾ ਤਾਂ ਰਸਤੇ ‘ਚ ਉਸ ’ਤੇ ਹਮਲਾ ਕਰ ਦਿੱਤਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਿਦਿਆਰਥੀ ਵਲੋਂ ਪ੍ਰਿੰਸੀਪਲ ਨੂੰ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਆਪਣੇ ਉੱਪਰ ਹੋਏ ਅਚਾਨਕ ਹਮਲੇ ਤੋਂ ਬਚਾਅ ਕੀਤਾ। ਇਸ ਦੌਰਾਨ ਇਹ ਮੁੰਡਾ ਫ਼ਰਾਰ ਹੋ ਗਿਆ ਪਰ ਨਾਲ ਹੀ ਦੂਰ ਖੜ੍ਹੇ ਇੱਕ ਹੋਰ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਹੋਏ ਹਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਗੀਤ ਲਗਾ ਕੇ ਵਾਇਰਲ ਕਰ ਦਿੱਤੀ। ਅੱਜ ਸਵੇਰੇ ਜਦੋਂ ਸਕੂਲ ਜਾ ਕੇ ਪੱਤਰਕਾਰਾਂ ਨੇ ਕੈਂਪਸ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ, ਜਿਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਨਾਲ ਹੀ ਵਿਦਿਆਰਥੀ ਦਾ ਨਾਂ ਸਕੂਲ ’ਚੋਂ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪੇ ਵੀ ਫ਼ਰਜ਼ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਅਨੁਸਾਸ਼ਨ ‘ਚ ਰਹਿਣਾ ਸਿਖਾਉਣ ਤਾਂ ਜੋ ਉਹ ਆਪਣੇ ਗੁਰੂ ਦੀ ਕਦਰ ਕਰਨ। ਇਸ ਸਬੰਧੀ ਥਾਣਾ ਮਾਛੀਵਾੜਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਵਲੋਂ ਇੱਕ ਵਿਦਿਆਰਥੀ ਵਲੋਂ ਉਸ ‘ਤੇ ਹਮਲਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਹਮਲੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿਸ ਨੇ ਵਾਇਰਲ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

