Hooliganism in Jalandhar, shopkeeper’s arm broken for asking for money for chips and crisps after 40 rupees
40 ਰੁਪਏ ਪਿੱਛੇ ਜਲੰਧਰ ‘ਚ ਗੁੰਡਾਗਰਦੀ, ਚਿਪਸ-ਕੁਰਕੁਰੇ ਦੇ ਪੈਸੇ ਮੰਗਣ ‘ਤੇ ਦੁਕਾਨਦਾਰ ਦੀ ਬਾਂਹ ਤੋੜੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸ਼ੀਤਲਾ ਮਾਤਾ ਮੰਦਰ ਨੇੜੇ ਸਥਿਤ ਬਿਜਲੀ ਸ਼ਿਕਾਇਤ ਘਰ ਦੇ ਸਾਹਮਣੇ ਸਥਿਤ ਚਾਹ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਚਿਪਸ ਅਤੇ ਕੁਰਕੁਰੇ ਦੇ 40 ਰੁਪਏ ਕਾਰ ਸਵਾਰ ਤੋਂ ਲੈਣੇ ਮਹਿੰਗੇ ਪੈ ਗਏ। ਕਾਰ ਸਵਾਰ ਨੇ ਬੈਸਬੇਟ ਕੱਢਿਆ ਅਤੇ ਦੁਕਾਨਦਾਰ ’ਤੇ ਹਮਲਾ ਕੀਤਾ। ਹਮਲੇ ਵਿਚ ਦੁਕਾਨਦਾਰ ਦੀ ਬਾਂਹ ਹੀ ਟੁੱਟ ਗਈ। ਹਮਲਾ ਸਵੇਰੇ ਲਗਭਗ 6.30 ਵਜੇ ਹੋਇਆ। ਹਮਲਾਵਰ ਮੌਕੇ ਤੋਂ ਕਾਰ ਸਟਾਰਟ ਕਰ ਕੇ ਭੱਜ ਗਏ। ਉਥੇ ਹੀ, ਇਲਾਕੇ ਦੇ ਮੋਹਤਬਰ ਲੋਕ ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਉਰਫ ਰਾਜੂ ਮੱਕੜ, ਕੁਨਾਲ ਗੋਸਵਾਮੀ ਉਰਫ ਮੰਗਾ ਪਹਿਲਵਾਨ, ਪ੍ਰਭਜੋਤ ਸਿੰਘ ਆਦਿ ਲੋਕਾਂ ਦਾ ਦੋਸ਼ ਸੀ ਕਿ ਨੇੜੇ ਹੀ ਡਿਊਟੀ ’ਤੇ ਮੌਜੂਦ ਪੁਲਸ ਜਵਾਨ ਡਿਊਟੀ ਤੋਂ ਗਾਇਬ ਸਨ। ਇਲਾਕੇ ਦੇ ਲੋਕਾਂ ਨੇ ਪੁਲਸ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਲੋਕਾਂ ਨੇ ਇਨਸਾਫ ਪਾਉਣ ਲਈ ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ ਨੂੰ ਫੋਨ ਕੀਤਾ ਅਤੇ ਤੁਰੰਤ ਭੰਡਾਰੀ ਘਟਨਾ ਸਥਾਨ ’ਤੇ ਪਹੁੰਚੇ। ਭੰਡਾਰੀ ਨੇ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ, ਜਿਸ ਦੇ ਬਾਅਦ ਪੀੜਤ ਦੇ ਬਿਆਨ ਥਾਣਾ ਨੰਬਰ 2 ਵਿਚ ਦਰਜ ਹੋਏ ਅਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਜਗਜੀਤ ਸਿੰਘ ਉਰਫ ਲਵਲੀ ਪੁੱਤਰ ਦਵਿੰਦਰ ਸਿੰਘ ਨਿਵਾਸੀ ਨੀਲਾਮਹਿਲ ਨੇ ਦੱਸਿਆ ਕਿ ਸਵੇਰ ਦੇ ਟਾਈਮ ਕਾਰ ਸਵਾਰ 2 ਨੌਜਵਾਨ ਉਸ ਦੀ ਦੁਕਾਨ ਵਿਚ ਆਏ। ਕਾਰ ਵਿਚੋਂ 1 ਨੌਜਵਾਨ ਉਤਰਿਆ ਅਤੇ ਉਸ ਤੋਂ 2 ਪੈਕੇਟ ਚਿਪਸ ਤੇ 2 ਪੈਕੇਟ ਕੁਰਕੁਰੇ ਮੰਗੇ। ਸਾਮਾਨ ਦੇਣ ਦੇ ਬਾਅਦ ਜਿਵੇਂ ਹੀ ਪੈਸੇ ਮੰਗੇ ਤਾਂ ਉਹ ਗਾਲੀ-ਗਲੋਚ ਕਰਨ ਲੱਗਾ ਅਤੇ ਕਾਰ ਵਿਚ ਜਾ ਕੇ ਬੈਠ ਗਿਆ। ਫਿਰ ਉਸ ਨੂੰ ਇਸ਼ਾਰਾ ਕਰ ਕੇ ਕਾਰ ਨੇੜੇ ਬੁਲਾਇਆ ਅਤੇ ਬੈਸਬੇਟ ਨਾਲ ਉਸ ’ਤੇ ਹਮਲਾ ਕੀਤਾ। ਦੂਜੇ ਪਾਸੇ ਥਾਣਾ ਨੰਬਰ 2 ਵਿਚ ਤਾਇਨਾਤ ਜਾਂਚ ਅਧਿਕਾਰੀ ਏ. ਐੱਸ. ਆਈ. ਜਰਮਨ ਸਿੰਘ ਦਾ ਕਹਿਣਾ ਹੈ ਕਿ ਪੁਲਸ ਮੁਲਜ਼ਮਾਂ ਦੀ ਕਾਰ ਦੇ ਨੰਬਰ ਤੋਂ ਉਨ੍ਹਾਂ ਨੂੰ ਟ੍ਰੇਸ ਕਰ ਚੁੱਕੀ ਹੈ। ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

