Coimbatore car bomb blast case: ED raids 16 places in 3 states including Tamil Nadu
ਕੋਇੰਬਟੂਰ ਕਾਰ ਬੰਬ ਧਮਾਕਾ ਮਾਮਲਾ: ਤਾਮਿਲਨਾਡੂ ਸਮੇਤ 3 ਸੂਬਿਆਂ ’ਚ 16 ਥਾਵਾਂ ’ਤੇ ਈ. ਡੀ. ਦੇ ਛਾਪੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ 3 ਸੂਬਿਆਂ ’ਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ 2022 ’ਚ ਕੋਇੰਬਟੂਰ ਕਾਰ ਧਮਾਕੇ ਦੇ ਮਾਮਲੇ ’ਚ ਮਨੀ ਲਾਂਡਰਿੰਗ ਦੀ ਜਾਂਚ ਹੇਠ ਕੀਤੀ ਗਈ, ਜੋ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਅੱਤਵਾਦੀ ਫੰਡਿੰਗ ਨਾਲ ਸਬੰਧਤ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਾਮਿਲਨਾਡੂ ’ਚ ਚੇਨਈ ਤੇ ਕੋਇੰਬਟੂਰ ਅਤੇ ਹੈਦਰਾਬਾਦ ਤੇ ਮੁੰਬਈ ’ਚ ਕੁੱਲ 16 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਕੇਂਦਰੀ ਏਜੰਸੀ ਨੇ ਕੋਇੰਬਟੂਰ ’ਚ ਸੰਗਮੇਸ਼ਵਰ ਮੰਦਰ ਨੇੜੇ 2022 ’ਚ ਹੋਏ ਆਤਮਘਾਤੀ ਬੰਬ ਧਮਾਕੇ ਦੇ ਸਬੰਧ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਵੱਲੋਂ ਦਰਜ ਕਈ ਐੱਫ. ਆਈ. ਆਰਜ਼. ਦਾ ਨੋਟਿਸ ਲੈਂਦੇ ਹੋਏ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਹੇਠ ਮਾਮਲਾ ਦਰਜ ਕੀਤਾ ਹੈ। ਈ. ਡੀ. ਨੇ ਕਿਹਾ ਕਿ ਇਹ ਹਮਲਾ ਜੇਮੇਸ਼ਾ ਮੁਬੀਨ (ਆਤਮਘਾਤੀ ਹਮਲਾਵਰ) ਅਤੇ ਹੋਰ ਲੋਕਾਂ ਨੇ ਆਈ. ਐੱਸ. ਆਈ. ਐੱਸ. ਤੋਂ ਪ੍ਰੇਰਿਤ ਹੋ ਕੇ ਕੀਤਾ ਸੀ, ਜਿਸ ’ਚ ਧਮਾਕਾਖੇਜ਼ ਸਮੱਗਰੀ ਨਾਲ ਭਰੀ ਇਕ ਕਾਰ ਦੀ ਵਰਤੋਂ ਕੀਤੀ ਗਈ ਸੀ।

