26 percent less rainfall in Punjab, increased risk to agriculture and power generation
ਪੰਜਾਬ ‘ਚ 26 ਫੀਸਦੀ ਘੱਟ ਮੀਂਹ, ਖੇਤੀਬਾੜੀ ਤੇ ਬਿਜਲੀ ਉਤਪਾਦਨ ਨੂੰ ਲੈ ਕੇ ਵਧਿਆ ਖ਼ਤਰਾ
ਪਟਿਆਲਾ (ਆਵਾਜ਼ਿ ਕੌਮ ਬਿਊਰੋ)- ਪੰਜਾਬ ‘ਚ ਮਾਨਸੂਨ ਦੇ ਨਰਮ ਰੁਖ ਨੇ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ‘ਚ ਜੁਲਾਈ ਮਹੀਨੇ ਵਿਚ ਆਮ ਤੌਰ ‘ਤੇ 26 ਫੀਸਦੀ ਘੱਟ ਮੀਂਹ ਪਿਆ ਹੈ। ਵਿਭਾਗ ਦਾ ਆਖਣਾ ਹੈ ਕਿ ਆਮ ਤੌਰ ‘ਤੇ 161.4 ਮਿਲੀਮੀਟਰ ਦੇ ਮੁਤਾਬਕ ਇਸ ਵਾਰ ਸਿਰਫ਼ 119.3 ਮਿਲੀਮੀਟਰ ਵਰਖਾ ਹੋਈ। ਜੂਨ ਤੇ ਜੁਲਾਈ ਵਿਚ ਘੱਟ ਵਰਖਾ ਦਾ ਅਸਰ ਸੂਬੇ ਦੇ ਡੈਮਾਂ ‘ਤੇ ਵੀ ਪਿਆ ਹੈ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਸਿੰਚਾਈ ਲਈ ਪਾਣੀ ਦੀ ਉਪਲੱਬਧਤਾ ਤੇ ਜਲ-ਬਿਜਲੀ ਉਤਪਾਦਨ ਪ੍ਰਭਾਵਿਤ ਹੋਣ ਦਾ ਖ਼ਤਰਾ ਵੱਧ ਗਿਆ ਹੈ। ਇਥੇ ਇਹ ਦੱਸਣਯੋਗ ਹੈ ਕਿ ਇਸ ਵਾਰ ਮਾਨਸੂਨ 1 ਜੁਲਾਈ ਨੂੰ ਪੰਜਾਬ ਪਹੁੰਚਿਆ ਅਤੇ 9 ਜੁਲਾਈ ਤੱਕ ਪੂਰੇ ਸੂਬੇ ਵਿਚ ਸਰਗਰਮ ਹੋ ਗਿਆ ਸੀ। ਇਸ ਦੇ ਬਾਵਜੂਦ ਜੁਲਾਈ ਦੌਰਾਨ ਲੋੜੀਂਦੀ ਵਰਖਾ ਨਹੀਂ ਹੋ ਸਕੀ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਫ਼ਰੀਦਕੋਟ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਆਮ ਨਾਲੋਂ ਘੱਟ ਵਰਖਾ ਦਰਜ ਕੀਤੀ ਗਈ ਹੈ। ਕਈ ਜ਼ਿਲ੍ਹਿਆਂ ਵਿਚ ਇਹ ਘਾਟ 71 ਫ਼ੀਸਦੀ ਤੱਕ ਰਹੀ। ਪਠਾਨਕੋਟ ਵਿਚ ਜੁਲਾਈ ਦੌਰਾਨ ਸਭ ਤੋਂ ਵੱਧ 495.5 ਮਿਲੀਮੀਟਰ ਵਰਖਾ ਦਰਜ ਕੀਤੀ ਗਈ, ਜਦਕਿ ਮਾਨਸਾ ਵਿਚ ਸਭ ਤੋਂ ਘੱਟ 38.4 ਮਿਲੀਮੀਟਰ ਮੀਂਹ ਪਿਆ। ਘੱਟ ਵਰਖਾ ਦਾ ਪ੍ਰਭਾਵ ਡੈਮਾਂ ‘ਤੇ ਵੀ ਸਪੱਸ਼ਟ ਨਜ਼ਰ ਆ ਰਿਹਾ ਹੈ। ਭਾਖੜਾ ਡੈਮ ਦਾ ਜਲ ਪੱਧਰ ਇਸ ਸਮੇਂ 1599.33 ਫੁੱਟ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 21.67 ਫੁੱਟ ਘੱਟ ਹੈ। ਪੌਂਗ ਡੈਮ ਦਾ ਜਲ ਪੱਧਰ 1338.40 ਫੁੱਟ ਦਰਜ ਕੀਤਾ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 15.69 ਫੁੱਟ ਘੱਟ ਹੈ। ਕੇਂਦਰੀ ਜਲ ਆਯੋਗ ਦੇ ਅੰਕੜਿਆਂ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਭਾਖੜਾ, ਪੌਂਗ ਅਤੇ ਕੋਲ ਡੈਂਮ ਵਿਚ ਪਾਣੀ ਦਾ ਪੱਧਰ ਆਮ ਨਾਲੋਂ 10.83 ਫ਼ੀਸਦੀ ਘੱਟ ਹੈ। ਪੰਜਾਬ ਦੇ ਰਣਜੀਤ ਸਾਗਰ ਡੈਂਮ ਵਿਚ ਪਾਣੀ ਦਾ ਪੱਧਰ ਵੀ ਆਮ ਨਾਲੋਂ 9.21 ਫ਼ੀਸਦੀ ਘੱਟ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਘੱਟ ਮੀਂਹ ਕਾਰਣ ਕਿਸਾਨਾਂ ਦੇ ਸਾਹਮਣੇ ਸਿੰਚਾਈ ਦੇ ਪਾਣੀ ਦੀ ਚੁਣੌਤੀ ਖੜੀ ਹੋ ਸਕਦੀ ਹੈ। ਹੁਣ ਬੰਨ੍ਹਾਂ ਵਿਚ ਘੱਟ ਪਾਣੀ ਹੋਣ ਕਾਰਣ ਬਿਜਲੀ ਉਤਪਾਦਨ ਪ੍ਰਭਾਵਤ ਹੋਣ ਦੀ ਅਸ਼ੰਕਾ ਹੈ। ਹੁਣ ਅਗਸਤ ਵਿਚ ਚੰਗੀ ਬਾਰਿਸ਼ ਹੀ ਰਾਹਤ ਦੇ ਸਕਦੀ ਹੈ।

