Cloud burst in Manali, couple dies after stone falls on car
ਮਨਾਲੀ ’ਚ ਬੱਦਲ ਫਟਿਆ, ਕਾਰ ’ਤੇ ਪੱਥਰ ਡਿੱਗਣ ਨਾਲ ਜੋੜੇ ਦੀ ਮੌਤ
ਸ਼ਿਮਲਾ/ਆਨੀ (ਆਵਾਜ਼ਿ ਕੌਮ ਬਿਊਰੋ)-ਹਿਮਾਚਲ ’ਚ ਮਾਨਸੂਨ ਇਕ ਵਾਰ ਫਿਰ ਭਿਆਨਕ ਰੂਪ ਦਿਖਾ ਰਿਹਾ ਹੈ। ਕੁੱਲੂ ਜ਼ਿਲ੍ਹੇ ਦੇ ਮਨਾਲੀ ਦੀ ਬੁਰੂਆ ਪੰਚਾਇਤ ਦੇ ਸ਼ਿਲਿੰਗ ਨਾਲੇ ਵਿਚ ਬੱਦਲ ਫਟਣ ਨਾਲ ਭਾਰੀ ਤਬਾਹੀ ਮਚੀ ਹੈ। ਪਾਣੀ ਅਤੇ ਮਲਬਾ ਸਿੱਧਾ ਸੇਬਾਂ ਦੇ ਬਾਗਾਂ ਵਿਚ ਵੜ ਗਿਆ, ਜਿਸ ਨਾਲ 100 ਤੋਂ ਵੱਧ ਸੇਬਾਂ ਦੇ ਬੂਟੇ ਰੁੜ੍ਹ ਗਏ ਅਤੇ ਕਈ ਬਾਗ ਪੂਰੀ ਤਰ੍ਹਾਂ ਮਲਬੇ ਹੇਠ ਦੱਬ ਗਏ। ਉੱਥੇ ਹੀ, ਆਨੀ ’ਚ ਰਾਣਾਬਾਗ-ਦੇਹੁਰੀ ਸੜਕ ’ਤੇ ਕਰੋਈਗਾੜ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ। ਪਹਾੜੀ ਤੋਂ ਡਿੱਗੇ ਪੱਥਰਾਂ ਦੀ ਲਪੇਟ ਵਿਚ ਆਉਣ ਨਾਲ ਕਾਰ ਅਸੰਤੁਲਿਤ ਹੋ ਕੇ ਖੱਡ ਵਿਚ ਡਿੱਗ ਗਈ। ਇਸ ਵਿਚ ਰਾਮਪੁਰ ਦੇ ਨਿੱਜੀ ਹਸਪਤਾਲ ’ਚ ਕੰਮ ਕਰਦੇ ਡਾ. ਬ੍ਰਿਜ ਲਾਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਧੀ ਭਵਿਆ ਜ਼ਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕ ਮੌਕੇ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਲੋਕਾਂ ਨੇ ਜ਼ਖਮੀ ਕੁੜੀ ਨੂੰ ਖੱਡ ’ਚੋਂ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਆਨੀ ਪਹੁੰਚਾਇਆ। ਬੀ. ਐੱਮ. ਓ. ਆਨੀ ਡਾ. ਭਾਗਵਤ ਮਹਿਤਾ ਨੇ ਦੱਸਿਆ ਕਿ ਜ਼ਖਮੀ ਕੁੜੀ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਈ. ਜੀ. ਐੱਮ. ਸੀ. ਸ਼ਿਮਲਾ ਰੈਫਰ ਕਰ ਦਿੱਤਾ ਗਿਆ ਹੈ।

