A big explosion took place during a peace rally! Bodies were strewn on the road, high alert in Khyber Pakhtunkhwa
ਸ਼ਾਂਤੀ ਰੈਲੀ ਦੌਰਾਨ ਹੋ ਗਿਆ ਵੱਡਾ ਧਮਾਕਾ ! ਸੜਕ ‘ਤੇ ਵਿਛ ਗਈਆਂ ਲਾਸ਼ਾਂ, ਖੈਬਰ ਪਖਤੂਨਖਵਾ ‘ਚ ਹਾਈ ਅਲਰਟ
ਪੇਸ਼ਾਵਰ (ਆਵਾਜ਼ਿ ਕੌਮ ਬਿਊਰੋ)- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਐਤਵਾਰ ਨੂੰ ਇੱਕ ਸ਼ਾਂਤੀ ਰੈਲੀ ਦੌਰਾਨ ਹੋਏ ਧਮਾਕੇ ਵਿੱਚ ਘੱਟੋ-ਘੱਟ ਸੱਤ ਲੋਕ ਮਾਰੇ ਗਏ ਤੇ ਇੱਕ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਹੈ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਧਮਾਕਾ ਸਵਾਤ ਜ਼ਿਲ੍ਹੇ ਦੇ ਕਾਬਲ ਕਸਬੇ ਵਿੱਚ ਸਵਾਤ ਸ਼ਾਂਤੀ ਰੈਲੀ ਦੌਰਾਨ ਹੋਇਆ। ਸਵਾਤ ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਘੱਟੋ-ਘੱਟ ਸੱਤ ਲੋਕ ਮਾਰੇ ਗਏ ਤੇ 18 ਗੰਭੀਰ ਜ਼ਖਮੀ ਹੋਏ ਹਨ। ਸੂਤਰਾਂ ਨੇ ਕਿਹਾ ਕਿ ਧਮਾਕਾ ਇੱਕ ਆਤਮਘਾਤੀ ਹਮਲਾ ਜਾਪਦਾ ਹੈ, ਹਾਲਾਂਕਿ ਇਸਦੀ ਤੁਰੰਤ ਅਧਿਕਾਰਤ ਪੁਸ਼ਟੀ ਨਹੀਂ ਹੋਈ। ਸਵਾਤ ਸ਼ਾਂਤੀ ਰੈਲੀ ਸਵਾਤ ਅਮਾਨ ਜਿਰਗਾ (ਸਥਾਨਕ ਕਬਾਇਲੀ ਕੌਂਸਲ) ਦੁਆਰਾ ਆਯੋਜਿਤ ਕੀਤੀ ਗਈ ਸੀ। ਪੁਲਸ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਭਾਗੀਦਾਰਾਂ ਨੇ ਨਾਅਰੇਬਾਜ਼ੀ ਕੀਤੀ ਤੇ ਖੇਤਰ ਵਿੱਚ ਸ਼ਾਂਤੀ ਦੀ ਮੰਗ ਕੀਤੀ। ਹਾਲ ਹੀ ਦੇ ਮਹੀਨਿਆਂ ਵਿੱਚ ਖੇਤਰ ਵਿੱਚ ਸੁਰੱਖਿਆ ਸਥਿਤੀ ਵਿਗੜ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਟੀਮਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਦੋਂ ਕਿ ਪੁਲਸ ਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਖੇਤਰ ਨੂੰ ਘੇਰ ਲਿਆ।

