Delhi on high alert before August 15, ban on flying small aerial devices including drones
15 ਅਗਸਤ ਤੋਂ ਪਹਿਲਾਂ ਹਾਈ ਅਲਰਟ ’ਤੇ ਦਿੱਲੀ, ਡਰੋਨ ਸਮੇਤ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਰੋਕ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਆਜ਼ਾਦੀ ਦਿਹਾੜੇ ਤੋਂ ਪਹਿਲਾਂ ਰਾਜਧਾਨੀ ਵਿਚ ਸੁਰੱਖਿਆ ਦੇ ਸਖਤ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਅੱਤਵਾਦੀ ਖ਼ਤਰੇ ਅਤੇ ਖ਼ੁਫ਼ੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਡਰੋਨ ਸਮੇਤ ਹਰ ਤਰ੍ਹਾਂ ਦੇ ਛੋਟੇ ਹਵਾਈ ਉਪਕਰਣ ਉਡਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਦਿੱਲੀ ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐੱਨ. ਐੱਸ. ਐੱਸ.) ਦੀ ਧਾਰਾ 163 ਤਹਿਤ ਜਾਰੀ ਇਹ ਹੁਕਮ 2 ਅਗਸਤ ਤੋਂ ਲਾਗੂ ਹੋ ਗਿਆ ਹੈ ਅਤੇ 16 ਅਗਸਤ ਤੱਕ ਪ੍ਰਭਾਵੀ ਰਹੇਗਾ। ਪੁਲਸ ਮੁਤਾਬਕ, ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਅਸਮਾਜਿਕ ਅਨਸਰ ਜਾਂ ਅੱਤਵਾਦੀ ਡਰੋਨ ਅਤੇ ਦੂਜੇ ਛੋਟੇ ਹਵਾਈ ਉਪਕਰਣਾਂ ਦੀ ਵਰਤੋਂ ਕਰ ਕੇ ਆਮ ਲੋਕਾਂ, ਵੀ. ਆਈ. ਪੀਜ਼., ਮਹੱਤਵਪੂਰਨ ਸਰਕਾਰੀ ਇਮਾਰਤਾਂ ਅਤੇ ਸਮਾਗਮ ਵਾਲੀ ਥਾਂ ਦੀ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸੇ ਖ਼ਦਸ਼ੇ ਨੂੰ ਦੇਖਦੇ ਹੋਏ ਸਾਵਧਾਨੀ ਵਜੋਂ ਰਾਜਧਾਨੀ ਦੇ ਆਸਮਾਨ ਵਿਚ ਅਜਿਹੇ ਸਾਰੇ ਉਪਕਰਣਾਂ ਦੀ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੌਰਾਨ ਡਰੋਨ ਭਾਵ ਯੂ. ਏ. ਵੀ. ਅਤੇ ਯੂ. ਏ. ਐੱਸ. ਤੋਂ ਇਲਾਵਾ ਕਵਾਡਕਾਪਟਰ, ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਮਾਈਕ੍ਰੋਲਾਈਟ ਏਅਰਕ੍ਰਾਫ਼ਟ, ਰਿਮੋਟ ਨਾਲ ਸੰਚਾਲਿਤ ਏਅਰਕ੍ਰਾਫ਼ਟ, ਹਾਟ ਏਅਰ ਬੈਲੂਨ ਅਤੇ ਛੋਟੇ ਪਾਵਰਡ ਏਅਰਕ੍ਰਾਫ਼ਟ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਹਾਜ਼ ਤੋਂ ਪੈਰਾ ਜੰਪਿੰਗ ਵਰਗੀਆਂ ਗਤੀਵਿਧੀਆਂ ’ਤੇ ਵੀ ਪੂਰੀ ਤਰ੍ਹਾਂ ਰੋਕ ਰਹੇਗੀ।

