Report on SIR in Ludhiana revealed, 1,19,879 voters absent
ਲੁਧਿਆਣਾ ‘ਚ SIR ਨੂੰ ਲੈ ਕੇ ਸਾਹਮਣੇ ਆਈ ਰਿਪੋਰਟ, 1,19,879 ਵੋਟਰ ਗੈਰ-ਹਾਜ਼ਰ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਐੱਸ. ਆਈ. ਆਰ. 2026 ਮੁਹਿੰਮ ਤਹਿਤ ਲੁਧਿਆਣਾ ਜ਼ਿਲ੍ਹੇ ’ਚ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸਹੀ ਬਣਾਉਣ ਲਈ ਚਲਾਈ ਗਈ ਡੋਰ-ਟੂ-ਡੋਰ ਵੈਰੀਫ਼ਿਕੇਸ਼ਨ ਪ੍ਰਕਿਰਿਆ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਚਲਾਈ ਗਈ ਇਸ ਵਿਆਪਕ ਮੁਹਿੰਮ ਦੌਰਾਨ ਲੱਖਾਂ ਵੋਟਰਾਂ ਦੀ ਤਸਦੀਕ ਕੀਤੀ ਗਈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ ਅਤੇ ਅਯੋਗ ਤੇ ਫ਼ਰਜ਼ੀ ਇੰਦਰਾਜਾਂ ਨੂੰ ਸੂਚੀ ਤੋਂ ਬਾਹਰ ਕੀਤਾ ਜਾ ਸਕੇ। ਡੀ. ਸੀ. ਜੈਨ ਨੇ ਦੱਸਿਆ ਕਿ 25 ਜੂਨ ਤੋਂ 3 ਅਗਸਤ ਤੱਕ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ’ਚ ਜ਼ਿਲੇ ਦੇ ਸਾਰੇ 14 ਵਿਧਾਨ ਸਭਾ ਹਲਕਿਆਂ ’ਚ 2,927 ਬੀ. ਐੱਲ. ਓ., 292 ਸੁਪਰਵਾਈਜ਼ਰ, 14 ਈ. ਆਰ. ਓ. ਅਤੇ 28 ਏ. ਈ. ਆਰ. ਓ. ਤਾਇਨਾਤ ਕੀਤੇ ਗਏ ਸਨ। ਇਸ ਦੇ ਨਾਲ ਹੀ ਵੱਖ-ਵੱਖ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ 9,866 ਬੂਥ ਲੈਵਲ ਏਜੰਟਾਂ ਨੇ ਵੀ ਪ੍ਰਕਿਰਿਆ ’ਚ ਸਰਗਰਮ ਭੂਮਿਕਾ ਨਿਭਾਈ। ਬੀ. ਐੱਲ. ਓ. ਨੇ 9 ਜੂਨ 2026 ਦੀ ਵੋਟਰ ਲਿਸਟ ਦੇ ਆਧਾਰ ’ਤੇ ਦਰਜ 26,83,999 ਵੋਟਰਾਂ ਦੇ ਘਰਾਂ ਦਾ ਘੱਟੋ-ਘੱਟ 3 ਵਾਰ ਦੌਰਾ ਕਰਕੇ ਫ਼ਾਰਮ ਵੰਡੇ ਅਤੇ ਵੈਰੀਫ਼ਿਕੇਸ਼ਨ ਕੀਤੀ। ਡੀ. ਸੀ. ਜੈਨ ਮੁਤਾਬਕ ਵੈਰੀਫ਼ਿਕੇਸ਼ਨ ਪ੍ਰਕਿਰਿਆ ਦੌਰਾਨ ਕੁੱਲ 22,67,911 (84.50 ਫ਼ੀਸਦੀ) ਵੋਟਰਾਂ ਨੇ ਆਪਣੇ ਗਣਨਾ ਫ਼ਾਰਮ ਜਮ੍ਹਾ ਕਰਵਾਏ। ਵਿਧਾਨ ਸਭਾ ਵਾਰ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਰਾਏਕੋਟ ਵਿਧਾਨ ਸਭਾ ਹਲਕਾ 94.93 ਫ਼ੀਸਦੀ ਫ਼ਾਰਮ ਇਕੱਠੇ ਕਰਨ ਨਾਲ ਪੂਰੇ ਜ਼ਿਲੇ ’ਚ ਪਹਿਲੇ ਸਥਾਨ ’ਤੇ ਰਿਹਾ, ਜਦਕਿ ਦਾਖਾ ਅਤੇ ਪਾਇਲ ਖੇਤਰਾਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਦਰਜ ਕੀਤਾ ਗਿਆ। ਜਾਂਚ ਦੌਰਾਨ 4,16,088 (15.50 ਫ਼ੀਸਦੀ) ਅਜਿਹੀਆਂ ਅਰਜ਼ੀਆਂ/ਵੋਟਰ ਪਾਏ ਗਏ ਜੋ ਏ. ਐੱਸ. ਡੀ. ਡੀ. (ਗ਼ੈਰ-ਹਾਜ਼ਰ/ਸ਼ਿਫ਼ਟਡ/ਮ੍ਰਿਤਕ/ਡੁਪਲੀਕੇਟ) ਸ਼੍ਰੇਣੀ ’ਚ ਆਉਂਦੇ ਹਨ:
ਮ੍ਰਿਤਕ ਵੋਟਰ: 80,050
ਗ਼ੈਰ-ਹਾਜ਼ਰ/ਟ੍ਰੇਸ ਨਾ ਹੋਏ: 1,19,879
ਪੱਕੇ ਤੌਰ ’ਤੇ ਸ਼ਿਫ਼ਟਡ: 1,90,415
ਦੋਹਰੀ ਵੋਟ (ਡੁਪਲੀਕੇਟ): 19,245
ਹੋਰ ਕਾਰਨ: 6,499
ਮੁਹਿੰਮ ਦੌਰਾਨ ‘ਸਵੀਪ’ ਪ੍ਰੋਗਰਾਮ ਤਹਿਤ ਰੈਲੀਆਂ, ਪੋਸਟਰ ਮੇਕਿੰਗ, ਰੰਗੋਲੀ ਮੁਕਾਬਲਿਆਂ, ਸੋਸ਼ਲ ਮੀਡੀਆ ਮੁਹਿੰਮਾਂ ਅਤੇ ਰੇਡੀਓ ਜਿੰਗਲਜ਼ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਪੋਲਿੰਗ ਬੂਥਾਂ ਦੇ ਮੁੜ-ਗਠਨ ਤੋਂ ਬਾਅਦ ਜ਼ਿਲ੍ਹੇ ’ਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 2,927 ਤੋਂ ਵਧਾ ਕੇ 3,031 ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜੇਕਰ ਕਿਸੇ ਯੋਗ ਨਾਗਰਿਕ ਦਾ ਨਾਂ ਡਰਾਫ਼ਟ ਸੂਚੀ ’ਚ ਸ਼ਾਮਲ ਹੋਣੋਂ ਰਹਿ ਗਿਆ ਹੈ ਤਾਂ ਉਹ 13 ਅਗਸਤ ਤੋਂ 12 ਸਤੰਬਰ 2026 ਤੱਕ ਫ਼ਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਆਫ਼ਲਾਈਨ ਆਪਣੇ ਦਾਅਵੇ ਪੇਸ਼ ਕਰ ਸਕਦਾ ਹੈ। ਅਨ-ਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ ਤੋਂ ਸ਼ੁਰੂ ਹੋਵੇਗੀ। ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 8 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਿਸ ਤੋਂ ਬਾਅਦ 12 ਅਕਤੂਬਰ 2026 ਨੂੰ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ।

