Politics heats up over Gurpreet Singh Bhullar’s transfer, Ravneet Bittu raises big questions
ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ‘ਤੇ ਸਿਆਸਤ ਗਰਮ, ਰਵਨੀਤ ਬਿੱਟੂ ਨੇ ਉਠਾਏ ਵੱਡੇ ਸਵਾਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤਬਾਦਲੇ ਦਾ ਸਮਾਂ ਕਈ ਤਰ੍ਹਾਂ ਦੇ ਸ਼ੱਕ ਪੈਦਾ ਕਰਦਾ ਹੈ। ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਕੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕਥਿਤ ‘ਜੰਤਰ-ਮੰਤਰ ਸਾਜ਼ਿਸ਼’ ਸਬੰਧੀ ਕੀਤੇ ਗਏ ਖੁਲਾਸਿਆਂ ਕਾਰਨ ਅਰਵਿੰਦ ਕੇਜਰੀਵਾਲ ਮੁਸ਼ਕਲ ਵਿੱਚ ਆ ਗਏ ਸਨ ਅਤੇ ਕੀ ਇਸੇ ਕਾਰਨ ਉਨ੍ਹਾਂ ਦਾ ਤਬਾਦਲਾ ਕੀਤਾ ਗਿਆ? ਉਨ੍ਹਾਂ ਨੇ ਇਸ ਮਾਮਲੇ ‘ਤੇ ਸਵਾਲ ਉਠਾਉਂਦਿਆਂ ਸਰਕਾਰ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ। ਇਸੇ ਦੌਰਾਨ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਤਬਾਦਲਾ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਹਰਮਨਬੀਰ ਸਿੰਘ ਨੂੰ ਅੰਮ੍ਰਿਤਸਰ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਜਾਰੀ ਹੁਕਮਾਂ ਅਨੁਸਾਰ, 2010 ਬੈਚ ਦੇ ਆਈਪੀਐਸ ਅਧਿਕਾਰੀ ਹਰਮਨਬੀਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ, ਅੰਮ੍ਰਿਤਸਰ ਦੇ ਅਹੁਦੇ ‘ਤੇ ਬਰਕਰਾਰ ਰੱਖਦਿਆਂ ਵਾਧੂ ਚਾਰਜ ਵਜੋਂ ਕਮਿਸ਼ਨਰ ਆਫ਼ ਪੁਲਿਸ, ਅੰਮ੍ਰਿਤਸਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਗੁਰਪ੍ਰੀਤ ਸਿੰਘ ਭੁੱਲਰ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲਣਗੇ। ਉਧਰ, ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ਨੂੰ ਲੈ ਕੇ ਸਿਆਸੀ ਚਰਚਾ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਇਸ ਫ਼ੈਸਲੇ ਦੇ ਸਮੇਂ ਨੂੰ ਲੈ ਕੇ ਸਵਾਲ ਉਠਾ ਰਹੀ ਹੈ, ਜਦਕਿ ਸਰਕਾਰ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਕ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ।

