BSF bus overturns in Punjab, 34 jawans were on board
ਪੰਜਾਬ ‘ਚ BSF ਦੀ ਬੱਸ ਪਲਟੀ, 34 ਜਵਾਨ ਸਨ ਸਵਾਰ
ਫਿਰੋਜ਼ਪੁਰ/ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਫਿਰੋਜ਼ਪੁਰ-ਪੱਟੀ ਰੋਡ ‘ਤੇ ਮਾਲਵਾ-ਮਾਝਾ ਨੂੰ ਜੋੜਦੇ ਪੁਲ ਬੰਡਾਲਾ ਨੇੜੇ ਬੀਤੀ ਰਾਤ ਬੀਐੱਸਐੱਫ ਦੀ ਬੱਸ ਪਲਟਣ ਕਾਰਨ 6 ਜਵਾਨ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਬੱਸ ‘ਚ ਕੁੱਲ 34 ਜਵਾਨ ਸਵਾਰ ਸਨ। ਜਾਣਕਾਰੀ ਅਨੁਸਾਰ ਹੁਸੈਨੀਵਾਲਾ ਤੋਂ ਖੇਮਕਰਨ ਹੈੱਡਕੁਆਰਟਰ ਵੱਲ ਜਾ ਰਹੀ ਬੀਐੱਸਐੱਫ ਦੀ ਬੱਸ ਸਾਹਮਣੇ ਤੋਂ ਆ ਰਹੇ ਟਰਾਲੇ ਨੂੰ ਓਵਰਟੇਕ ਕਰਦੇ ਸਮੇਂ ਸੰਤੁਲਨ ਗੁਆ ਬੈਠੀ ਤੇ ਸੜਕ ਤੋਂ ਹੇਠਾਂ ਝੋਨੇ ਦੇ ਖੇਤਾਂ ‘ਚ ਜਾ ਪਲਟੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਮੌਜੂਦ ਸਾਥੀ ਜਵਾਨਾਂ ਅਤੇ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਵਾਈ ਸ਼ੁਰੂ ਕੀਤੀ ਅਤੇ ਜ਼ਖ਼ਮੀਆਂ ਨੂੰ ਬੀਐੱਸਐੱਫ ਦੇ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਬੀਐੱਸਐੱਫ ਦੇ ਇੰਸਪੈਕਟਰ ਰਾਮ ਕੁਮਾਰ ਨੇ ਦੱਸਿਆ ਕਿ ਹਾਦਸਾ ਬੱਸ ਦੇ ਟਰਾਲੇ ਨੂੰ ਓਵਰਟੇਕ ਕਰਨ ਦੌਰਾਨ ਵਾਪਰਿਆ। ਜਵਾਨਾਂ ਨੇ ਕ੍ਰੇਨ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਖੇਤਾਂ ‘ਚੋਂ ਬਾਹਰ ਕੱਢਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

