Red Alert in Punjab! Police force deployed everywhere
ਪੰਜਾਬ ‘ਚ Red Alert! ਚੱਪੇ-ਚੱਪੇ ‘ਤੇ ਪੁਲਸ ਫੋਰਸ ਦੀ ਤਾਇਨਾਤੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਰਹੱਦੀ ਖੇਤਰਾਂ ’ਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਬਾਰਡਰ ਰੇਂਜ ਪੁਲਸ ਨੇ ਰੈੱਡ ਅਲਰਟ ਨਾਕਾਬੰਦੀ ਮੁਹਿੰਮ ਚਲਾਈ। ਬਾਰਡਰ ਰੇਂਜ ਦੇ ਡੀ. ਆਈ. ਜੀ. ਹਰਮਨਬੀਰ ਸਿੰਘ ਗਿੱਲ, ਆਈ. ਪੀ. ਐੱਸ. ਦੀ ਅਗਵਾਈ ’ਚ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਸਾਰੇ ਸਰਹੱਦੀ ਜ਼ਿਲ੍ਹਿਆਂ ’ਚ ਪੁਲਸ ਨੇ ਇਕੋ ਸਮੇਂ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ। ਇਹ ਵਿਸ਼ੇਸ਼ ਮੁਹਿੰਮ ਦੁਪਹਿਰ 2 ਤੋਂ 4 ਵਜੇ ਤੱਕ ਸਾਰੇ ਜ਼ਿਲ੍ਹਿਆਂ ’ਚ ਇਕੋ ਸਮੇਂ ਚਲਾਈ ਗਈ। ਡੀ. ਆਈ. ਜੀ. ਹਰਮਨਬੀਰ ਸਿੰਘ ਗਿੱਲ ਖ਼ੁਦ ਮੈਦਾਨ ’ਚ ਉਤਰੇ ਅਤੇ ਵੱਖ-ਵੱਖ ਸਰਹੱਦੀ ਖੇਤਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਾਕਿਆਂ ’ਤੇ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਚੌਕਸੀ ਨਾਲ ਡਿਊਟੀ ਨਿਭਾਉਣ ਦੇ ਹੁਕਮ ਦਿੱਤੇ। ਮੁਹਿੰਮ ਦੌਰਾਨ ਸਾਰੇ ਗਜ਼ਟਿਡ ਅਧਿਕਾਰੀ, ਥਾਣਾ ਇੰਚਾਰਜ ਅਤੇ ਯੂਨਿਟ ਇੰਚਾਰਜ ਖ਼ੁਦ ਨਾਕਿਆਂ ’ਤੇ ਹਾਜ਼ਰ ਰਹੇ। ਪੁਲਸ ਟੀਮਾਂ ਨੇ ਜ਼ਿਲ੍ਹਿਆਂ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ, ਪ੍ਰਮੁੱਖ ਚੌਕਾਂ, ਪੁਲਾਂ, ਬਾਈਪਾਸ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ’ਚ ਵਿਸ਼ੇਸ਼ ਚੈਕਿੰਗ ਪੁਆਇੰਟ ਸਥਾਪਤ ਕੀਤੇ। ਇਥੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲੈਣ ਦੇ ਨਾਲ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਮੁਹਿੰਮ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਚਲਾਈ ਗਈ, ਜਿਸ ਦਾ ਮਕਸਦ ਨਸ਼ਾ ਸਮੱਗਲਿੰਗ, ਸੰਗਠਿਤ ਅਪਰਾਧ ਅਤੇ ਹੋਰ ਅਪਰਾਧਿਕ ਨੈੱਟਵਰਕ ’ਤੇ ਪ੍ਰਭਾਵਸ਼ਾਲੀ ਰੋਕ ਲਾਉਣਾ ਹੈ।

