Under the leadership of Gurdaspur SSP, police launched a search operation at the railway station, investigation also conducted in Vande Bharat train
ਗੁਰਦਾਸਪੁਰ ਦੇ SSP ਦੀ ਅਗਵਾਈ ’ਚ ਪੁਲਸ ਨੇ ਰੇਲਵੇ ਸਟੇਸ਼ਨ ’ਤੇ ਚਲਾਈ ਸਰਚ ਮੁਹਿੰਮ, ਵੰਦੇ ਭਾਰਤ ਟ੍ਰੇਨ ’ਚ ਵੀ ਜਾਂਚ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਗੁਰਦਾਸਪੁਰ ਦੀ ਜ਼ਿਲ੍ਹਾ ਪੁਲਸ ਨੇ ਅੱਜ 15 ਅਗਸਤ ਨਾਲ ਸਬੰਧਤ ਅਤੇ ਆਪ੍ਰੇਸ਼ਨ ਪ੍ਰਹਾਰ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਗੁਰਦਾਸਪੁਰ ਰੇਲਵੇ ਸਟੇਸ਼ਨ ’ਤੇ ਇੱਕ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ। ਐੱਸ. ਐੱਸ. ਪੀ. ਗੁਰਦਾਸਪੁਰ ਆਦਿੱਤਿਆ ਨੇ ਖੁਦ ਇਸ ਵਿਸ਼ੇਸ਼ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਦੇ ਨਾਲ ਐੱਸ. ਪੀ ਹੈੱਡਕੁਆਰਟਰ ਯੁਗਰਾਜ ਸਿੰਘ, ਐੱਸ.ਪੀ ਡਿਟੈਕਟਿਵ ਡੀ.ਕੇ. ਚੌਧਰੀ, ਸਾਰੇ ਡੀ.ਐੱਸ.ਪੀ ਅਤੇ ਐੱਸ. ਐੱਚ. ਓ. ਸਨ। ਪੁਲਸ ਨੇ ਵੰਦੇ ਭਾਰਤ ਰੇਲਗੱਡੀ ਦੇ ਆਉਣ ਤੋਂ ਪਹਿਲਾਂ ਸਟੇਸ਼ਨ ’ਤੇ ਪਹੁੰਚਣ ਵਾਲੇ ਯਾਤਰੀਆਂ ਦੇ ਸਾਮਾਨ ਸਮੇਤ ਸਾਰੇ ਸਟੇਸ਼ਨ ਦਫਤਰਾਂ ਦੀ ਤਲਾਸ਼ੀ ਲਈ। ਜਿਵੇਂ ਹੀ ਵੰਦੇ ਭਾਰਤ ਟ੍ਰੇਨ ਰੇਲਵੇ ਸਟੇਸ਼ਨ ’ਤੇ ਪਹੁੰਚੀ, ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡੌਗ ਸਕੁਐਡ ਦੇ ਨਾਲ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ। ਇਸ ਮੌਕੇ ’ਤੇ ਐੱਸ. ਐੱਸ. ਪੀ ਆਦਿੱਤਿਆ ਨੇ ਕਿਹਾ ਕਿ 15 ਅਗਸਤ ਦੇ ਮੱਦੇਨਜ਼ਰ ਅਜਿਹੀਆਂ ਅਚਾਨਕ ਤਲਾਸ਼ੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨਾਂ, ਜਨਤਕ ਥਾਵਾਂ, ਵਿੱਦਿਅਕ ਸੰਸਥਾਵਾਂ, ਬਾਜ਼ਾਰਾਂ ਆਦਿ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ, ਸਗੋਂ ਚੌਕਸ ਰਹਿਣ ਦੀ ਲੋੜ ਹੈ। ਪੁਲਸ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਸ਼ੇਸ਼ ਨਾਕਾਬੰਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।

