SIA raids 9 places in Jammu and Kashmir in 1990 double murder case
1990 ਦੇ ਦੋਹਰੇ ਕਤਲਕਾਂਡ ਮਾਮਲੇ ‘ਚ SIA ਨੇ ਜੰਮੂ ਕਸ਼ਮੀਰ ‘ਚ 9 ਥਾਵਾਂ ‘ਤੇ ਕੀਤੀ ਛਾਪੇਮਾਰੀ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ 1990 ‘ਚ ਇਕ ਕਸ਼ਮੀਰੀ ਪੰਡਤ ਲੇਖਕ ਅਤੇ ਉਨ੍ਹਾਂ ਦੇ ਬੇਟੇ ਦੇ ਕਤਲ ਦੇ ਸਿਲਸਿਲੇ ‘ਚ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸਆਈਏ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਅਤੇ ਜੰਮੂ ਦੇ ਬਾਗ-ਏ-ਬਾਹੁ ਇਲਾਕੇ ਸਮੇਤ 9 ਥਾਵਾਂ ‘ਤੇ ਤਲਾਸ਼ੀ ਲਈ। ਇਹ ਛਾਪੇਮਾਰੀ ਅਨੰਤਨਾਗ ਜ਼ਿਲ੍ਹੇ ‘ਚ ਕੋਕਰਨਾਗ ਸਥਿਤ ਸੋਫ ਸ਼ਾਲੀ ਦੇ ਰਹਿਣ ਵਾਲੇ ਕਸ਼ਮੀਰੀ ਪੰਡਿਤ ਲੇਖਕ ਅਤੇ ਸਮਾਜਸੇਵੀ ਸਰਵਾਨੰਦ ਕੌਲ ‘ਪ੍ਰੇਮੀ’ ਅਤੇ ਉਸ ਦੇ ਬੇਟੇ ਵੀਰੇਂਦਰ ਕੌਲ ਦੇ ਅਗਵਾ ਅਤੇ ਉਨ੍ਹਾਂ ਦੇ ਕਤਲ ਦੇ 36 ਸਾਲ ਪੁਰਾਣੇ ਮਾਮਲੇ ‘ਚ ਐੱਸਆਈਏ ਦੀ ਜਾਂਚ ਦਾ ਹਿੱਸਾ ਹੈ। ਅੱਤਵਾਦੀਆਂ ਨੇ 29 ਅਪ੍ਰੈਲ 1990 ਨੂੰ ‘ਪ੍ਰੇਮੀ’ ਅਤੇ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਦਆਂ ਲਾਸ਼ਾਂ ਇਕ ਮਈ 1990 ਨੂੰ ਬਰਾਮਦ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਡੁਰੂ ਥਾਣੇ ‘ਚ ਐੱਫਆਈਆਰ ਦਰਜ ਕੀਤੀ ਗਈ ਸੀ। ਅਧਿਕਾਰੀਆਂ ਅਨੁਸਾਰ, ਬੁੱਧਵਾਰ ਤੜਕੇ ਜੰਮੂ ਦੇ ਬਾਗ-ਏ-ਬਾਹੁ ਇਲਾਕੇ ਦੀ ਸ਼ਹਿਬਾਜ਼ ਕਾਲੋਨੀ ‘ਚ ਛਾਪੇਮਾਰੀ ਕੀਤੀ ਗਈ। ਅਨੰਤਨਾਗ ‘ਚ ਕਈ ਥਾਵਾਂ ‘ਤੇ ਤਲਾਸ਼ੀ ਲਈ ਗਈ।

