Big crisis ahead of Putin! Petrol pumps have dried up in the country, now Russian vehicles will run on Indian oil
ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ ‘ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ ਚੱਲਣਗੀਆਂ ਰੂਸ ਦੀਆਂ ਗੱਡੀਆਂ
Masco, (ਆਵਾਜ਼ਿ ਕੌਮ ਬਿਊਰੋ)-ਰੂਸ ਤੇ ਯੂਕ੍ਰੇਨ ਦੀ ਜੰਗ, ਜੋ ਕਿ ਪਿਛਲੇ ਕਰੀਬ 4 ਸਾਲਾਂ ਤੋਂ ਚੱਲਦੀ ਆ ਰਹੀ ਹੈ, ਦੇ ਹਾਲੇ ਰੁਕਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸੇ ਦੌਰਾਨ ਪਿਛਲੇ ਕੁਝ ਮਹੀਨਿਆਂ ਤੋਂ ਯੂਕ੍ਰੇਨ ਵੱਲੋਂ ਰੂਸੀ ਰਿਫ਼ਾਈਨਰੀਆਂ ‘ਤੇ ਕੀਤੇ ਜਾ ਰਹੇ ਲਗਾਤਾਰ ਡਰੋਨ ਅਤੇ ਮਿਜ਼ਾਇਲ ਹਮਲਿਆਂ ਤੋਂ ਬਾਅਦ ਰੂਸ ‘ਚ ਫਿਊਲ ਦੀ ਭਾਰੀ ਕਿੱਲਤ ਪੈਦਾ ਹੋ ਗਈ ਹੈ। ਇਸ ਸੰਕਟ ਦੇ ਸਮੇਂ ਰੂਸ ਨੇ ਪਹਿਲੀ ਵਾਰ ਭਾਰਤ ਤੋਂ ਪੈਟਰੋਲ ਦਾ ਇੰਪੋਰਟ ਕਰਨਾ ਸ਼ੁਰੂ ਕੀਤਾ ਹੈ। ਸ਼ਿਪ-ਟ੍ਰੈਕਿੰਗ ਅਤੇ ‘ਕੈਪਲਰ’ (Kpler) ਡਾਟਾ ਅਨੁਸਾਰ, ਭਾਰਤ ਤੋਂ ਭੇਜੀ ਗਈ ਪੈਟਰੋਲ ਦੀ ਪਹਿਲੀ ਖੇਪ 5 ਅਗਸਤ ਨੂੰ ਰੂਸ ਪਹੁੰਚ ਚੁੱਕੀ ਹੈ। ਰੂਸ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਰੋਸਨੇਫ਼ਟ’ ਦੀ ਹਿੱਸੇਦਾਰੀ ਵਾਲੀ ਭਾਰਤੀ ਕੰਪਨੀ ਨਾਯਰਾ ਐਨਰਜੀ ਦੀ ਗੁਜਰਾਤ ਸਥਿਤ ਵਾਦੀਨਾਰ ਰਿਫ਼ਾਈਨਰੀ ਤੋਂ ਇਹ ਤੇਲ ਰੂਸ ਨੂੰ ਭੇਜਿਆ ਜਾ ਰਿਹਾ ਹੈ। ਹਾਲਾਂਕਿ ਹੋਰਮੁਜ਼ ‘ਚ ਲਗਾਤਾਰ ਬਣੇ ਹੋਏ ਤਣਾਅ ਕਾਰਨ ਭਾਰਤ ਵੱਲੋਂ ਰੂਸ ਨੂੰ ਤੇਲ ਦੀ ਸਪਲਾਈ ਲਈ ਬਹੁਤ ਹੀ ਮੁਸ਼ਕਿਲ ਸਮੁੰਦਰੀ ਰਸਤਾ ਅਪਣਾਇਆ ਜਾ ਰਿਹਾ ਹੈ। 18 ਜੂਨ ਨੂੰ ਵਾਦੀਨਾਰ ਤੋਂ 42,000 ਟਨ ਪੈਟਰੋਲ ਲੈ ਕੇ ਨਿਕਲੇ ਜਹਾਜ਼ ਨੇ ਮਿਸਰ ਦੇ ‘ਦਮੀਏਟਾ’ ਪੋਰਟ ‘ਤੇ 6 ਜੁਲਾਈ ਨੂੰ ਦੂਜੇ ਰੂਸੀ ਟੈਂਕਰ ‘ਚ ਤੇਲ ਟ੍ਰਾਂਸਫ਼ਰ ਕੀਤਾ, ਜੋ 5 ਅਗਸਤ ਨੂੰ ਰੂਸ ਪਹੁੰਚਿਆ। ਜ਼ਿਕਰਯੋਗ ਹੈ ਕਿ ਯੂਕ੍ਰੇਨੀ ਹਮਲਿਆਂ ਕਾਰਨ ਜੁਲਾਈ ‘ਚ ਰੂਸੀ ਰਿਫ਼ਾਈਨਰੀਆਂ ‘ਚ ਕੱਚੇ ਤੇਲ ਦੀ ਪ੍ਰੋਸੈਸਿੰਗ ਡਿੱਗ ਕੇ 36 ਲੱਖ ਬੈਰਲ ਪ੍ਰਤੀ ਦਿਨ ਰਹਿ ਗਈ ਹੈ, ਜੋ ਕਿ ਆਮ ਨਾਲੋਂ ਲਗਭਗ ਇੱਕ ਤਿਹਾਈ ਘੱਟ ਹੈ। ਪਿਛਲੇ ਕੁਝ ਹਫ਼ਤਿਆਂ ‘ਚ ਹੀ ਯੂਕ੍ਰੇਨ ਨੇ ਰੂਸ ਦੀਆਂ 7 ਤੋਂ ਵੱਧ ਮੇਨ ਤੇਲ ਰਿਫ਼ਾਈਨਰੀਆਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ ਰੂਸ, ਜੋ ਕਿ ਤੇਲ ਦਾ ਵੱਡਾ ਨਿਰਯਾਤਕ ਦੇਸ਼ ਹੈ, ਨੂੰ ਹੁਣ ਉਲਟਾ ਭਾਰਤ ਤੋਂ ਤੇਲ ਆਯਾਤ ਕਰਨਾ ਪੈ ਰਿਹਾ ਹੈ। ਹਮਲਿਆਂ ਕਾਰਨ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਦੀ ਕਮੀ ਨੂੰ ਰੋਕਣ ਲਈ ਰੂਸ ਨੇ ਪੈਟਰੋਲ ਅਤੇ ਡੀਜ਼ਲ ਦੇ ਨਿਰਯਾਤ ‘ਤੇ ਪਹਿਲਾਂ ਹੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ। ਪਰ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਦੇਸ਼ ਨੂੰ ਬੇਲਾਰੂਸ ਤੋਂ ਇਲਾਵਾ ਹੁਣ ਹਜ਼ਾਰਾਂ ਕਿਲੋਮੀਟਰ ਦੂਰ ਭਾਰਤ ਤੋਂ ਤੇਲ ਮੰਗਵਾ ਕੇ ਆਪਣੀ ਘਰੇਲੂ ਡਿਮਾਂਡ ਪੂਰੀ ਕਰਨੀ ਪੈ ਰਹੀ ਹੈ।

