Cyber attacks in the country increased 9 times, data released by the Center
ਦੇਸ਼ ‘ਚ ਸਾਈਬਰ ਹਮਲੇ 9 ਗੁਣਾ ਵਧੇ, ਕੇਂਦਰ ਨੇ ਜਾਰੀ ਕੀਤੇ ਅੰਕੜੇ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਭਾਰਤ ਡਿਜੀਟਲ ਤੌਰ ‘ਤੇ ਕਾਫ਼ੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਪਰ ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ ਵੀ ਵਧ ਰਹੀਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਚਾਰ ਸਾਲਾਂ ‘ਚ ਦੇਸ਼ ‘ਚ ਸਾਈਬਰ ਹਮਲੇ ਸਾਢੇ 9 ਗੁਣਾ ਵਧ ਗਏ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਨੁਸਾਰ, ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (Cert-In) ਨੂੰ 2022 ਤੋਂ ਜੂਨ 2026 ਤੱਕ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਸਬੰਧਤ ਕੁੱਲ 52.68 ਲੱਖ ਤੋਂ ਵੱਧ ਸਾਈਬਰ ਹਮਲਿਆਂ ਦੀ ਜਾਣਕਾਰੀ ਮਿਲੀ ਹੈ। ਇਹ ਹਮਲੇ ਪੈਸੇ ਅਤੇ ਡਾਟਾ ਚੋਰੀ, ਫਿਰੌਤੀ ਮੰਗਣ, ਜਾਸੂਸੀ, ਸਿਸਟਮ ਨੂੰ ਠੱਪ ਕਰਨ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੇ ਜਾ ਰਹੇ ਹਨ। ਸਾਲ 2022 ‘ਚ 1.92 ਲੱਖ ਹਮਲੇ ਹੋਏ ਸਨ, ਜੋ 2025 ‘ਚ ਵਧ ਕੇ 18.21 ਲੱਖ ਤੱਕ ਪਹੁੰਚ ਗਏ। ਸਾਲ 2026 ‘ਚ ਜੂਨ ਮਹੀਨੇ ਤੱਕ ਹੀ 10.75 ਲੱਖ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਏਆਈ ਅਤੇ ਸਾਈਬਰ ਮਾਹਿਰ ਪ੍ਰਵੀਨ ਕੌਸ਼ਲ ਅਨੁਸਾਰ, ਭਾਰਤ ਵਿਰੁੱਧ ਰਾਜ ਸਮਰਥਿਤ ਗਤੀਵਿਧੀਆਂ ‘ਚੋਂ 60 ਫੀਸਦੀ ਤੋਂ ਵੱਧ ਸਾਈਬਰ ਹਮਲੇ ਚੀਨ ਅਤੇ ਪਾਕਿਸਤਾਨ ਵਲੋਂ ਕੀਤੇ ਜਾਂਦੇ ਹਨ। ਇਨ੍ਹਾਂ ਹਮਲਿਆਂ ਕਾਰਨ ਦੇਸ਼ ਦੀ ਆਰਥਿਕਤਾ ਅਤੇ ਵਿੱਤੀ ਸੰਸਥਾਵਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਾਲ 2024 ‘ਚ ਦੇਸ਼ ਦੇ ਲਗਭਗ 300 ਛੋਟੇ ਬੈਂਕਾਂ ‘ਤੇ ਇਕ ਵੱਡਾ ਰੈਨਸਮਵੇਅਰ ਹਮਲਾ ਹੋਇਆ, ਜਿਸ ਕਾਰਨ ਬੈਂਕਾਂ ਦਾ ਡਿਜੀਟਲ ਅਤੇ ਭੁਗਤਾਨ ਕੰਮਕਾਜ 48 ਤੋਂ 72 ਘੰਟਿਆਂ ਤੱਕ ਠੱਪ ਰਿਹਾ। ਦਸੰਬਰ 2022 ‘ਚ ਦਿੱਲੀ ਏਮਜ਼ ਦੀਆਂ ਸੇਵਾਵਾਂ ਕਈ ਦਿਨਾਂ ਤੱਕ ਪ੍ਰਭਾਵਿਤ ਰਹੀਆਂ। ਅਕਤੂਬਰ 2020 ‘ਚ ਮੁੰਬਈ ‘ਚ ਹੋਈ ਭਾਰੀ ਬਿਜਲੀ ਗੁਲ ਹੋਣ ਪਿੱਛੇ ਵੀ ਚੀਨੀ ਸਾਈਬਰ ਹਮਲੇ ਦਾ ਸ਼ੱਕ ਜਤਾਇਆ ਗਿਆ ਸੀ। ਜੁਲਾਈ 2026 ‘ਚ ਤਾਮਿਲਨਾਡੂ ਦੇ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਠੇਕੇਦਾਰ ਦੇ ਸਰਵਰ ‘ਚ ਸੰਨ੍ਹ ਲਗਾ ਕੇ 19,000 ਦਸਤਾਵੇਜ਼ ਲੀਕ ਹੋਣ ਦੀ ਸ਼ੰਕਾ ਜਤਾਈ ਗਈ ਹੈ।

