Major incident in Chandigarh! Minor dispute turns deadly, agent brutally murdered
ਚੰਡੀਗੜ੍ਹ ‘ਚ ਵੱਡੀ ਵਾਰਦਾਤ! ਮਾਮੂਲੀ ਵਿਵਾਦ ਨੇ ਧਾਰਿਆ ਖ਼ੂਨੀ ਰੂਪ, ਆੜ੍ਹਤੀ ਦਾ ਬੇਰਹਿਮੀ ਨਾਲ ਕਤਲ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸੈਕਟਰ-26 ਸਥਿਤ ਸਬਜ਼ੀ ਮੰਡੀ ‘ਚ ਸਬਜ਼ੀ ਨਾਲ ਭਰੀ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਦੋ ਆੜਤੀਆਂ ‘ਚ ਹੋਏ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਦੋਸ਼ ਹੈ ਕਿ ਇਕ ਆੜ੍ਹਤੀ ਨੇ ਆਪਣੇ ਪੁੱਤਰਾਂ ਨਾਲ ਮਿਲ ਕੇ ਦੂਜੇ ਆੜ੍ਹਤੀ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਊਨਾ ਵਾਸੀ 43 ਸਾਲਾ ਦੇਸ਼ਰਾਜ ਗੰਭੀਰ ਜ਼ਖ਼ਮੀ ਹੋ ਗਿਆ। ਨੇੜਲੇ ਲੋਕਾਂ ਦੇ ਪਹੁੰਚਣ ਤੱਕ ਹਮਲਾਵਰ ਮੌਕੇ ਤੋਂ ਭੱਜ ਗਏ। ਪੁਲਸ ਦੇਸ਼ਰਾਜ ਨੂੰ ਜੀ. ਐੱਮ. ਸੀ. ਐੱਚ-32 ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਉਸ ਸਮੇਂ ਵਾਪਰੀ ਜਦੋਂ ਇੰਡਸਟਰੀਅਲ ਏਰੀਆ ਥਾਣਾ ਇੰਚਾਰਜ ਇੰਸਪੈਕਟਰ ਸਤਨਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਸੈਕਟਰ-28 ਸਥਿਤ ਸਾਬਕਾ ਕੌਂਸਲਰ ਦੇ ਘਰ ਹੋਈ ਲੁੱਟ ਦੀ ਘਟਨਾ ਦੀ ਜਾਂਚ ਕਰ ਰਹੀ ਸੀ। ਇਸੇ ਦੌਰਾਨ ਸੈਕਟਰ-26 ਮੰਡੀ ‘ਚ ਕਤਲ ਦੀ ਸੂਚਨਾ ਮਿਲਣ ‘ਤੇ ਪੁਲਸ ਟੀਮ ਮੌਕੇ ‘ਤੇ ਪਹੁੰਚੀ। ਪੁਲਸ ਮੁਤਾਬਕ ਦੇਸ਼ਰਾਜ ਅਤੇ ਮੁਲਜ਼ਮ ਵਿਨੋਦ ਦੋਵੇਂ ਛੋਟੀ ਪਿਕਅੱਪ ਗੱਡੀਆਂ ‘ਚ ਆਪੋ-ਆਪਣੇ ਇਲਾਕਿਆਂ ਤੋਂ ਸਬਜ਼ੀਆਂ ਲਿਆ ਕੇ ਸੈਕਟਰ-26 ਮੰਡੀ ‘ਚ ਵੇਚਦੇ ਸਨ। ਸ਼ੁੱਕਰਵਾਰ ਰਾਤ ਲਗਭਗ 10 ਵਜੇ ਦੇਸ਼ਰਾਜ ਆਪਣੀ ਗੱਡੀ ਲੈ ਕੇ ਮੰਡੀ ‘ਚ ਸਬਜ਼ੀਆਂ ਵੇਚ ਰਿਹਾ ਸੀ। ਇਸੇ ਦੌਰਾਨ ਉੱਤਰ ਪ੍ਰਦੇਸ਼ ਵਾਸੀ ਵਿਨੋਦ ਆਪਣੇ ਪੁੱਤਰਾਂ ਨਾਲ ਉੱਥੇ ਪਹੁੰਚਿਆ ਅਤੇ ਦੇਸ਼ਰਾਜ ਨੂੰ ਗੱਡੀ ਹਟਾਉਣ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਝਗੜਾ ਵਧਦੇ ਹੀ ਦੋਵਾਂ ਧਿਰਾਂ ਵਿਚਕਾਰ ਹੱਥੋਪਾਈ ਹੋਣ ਲੱਗੀ। ਦੋਸ਼ ਹੈ ਕਿ ਇਸੇ ਦੌਰਾਨ ਵਿਨੋਦ ਅਤੇ ਉਸ ਦੇ ਪੁੱਤਰਾਂ ਨੇ ਚਾਕੂ ਕੱਢ ਕੇ ਦੇਸ਼ਰਾਜ ‘ਤੇ ਹਮਲਾ ਕਰ ਦਿੱਤਾ। ਹਮਲੇ ‘ਚ ਉਹ ਗੰਭੀਰ ਜ਼ਖ਼ਮੀ ਹੋਣ ਕਾਰਨ ਡਿੱਗ ਪਿਆ। ਜਦੋਂ ਮੰਡੀ ‘ਚ ਮੌਜੂਦ ਲੋਕਾਂ ਨੇ ਝਗੜਾ ਵੇਖਿਆ ਤਾਂ ਉਹ ਮੌਕੇ ‘ਤੇ ਪਹੁੰਚ ਕੇ ਬਚਾਅ ਕਰਨ ਲੱਗੇ। ਲੋਕਾਂ ਦੇ ਇਕੱਠੇ ਹੋਣ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਸੂਚਨਾ ਮਿਲਣ ‘ਤੇ ਪੁਲਸ ਨੇ ਜ਼ਖ਼ਮੀ ਦੇਸ਼ਰਾਜ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਮ੍ਰਿਤਕ ਦੀ ਪਛਾਣ ਦੇਸ਼ਰਾਜ (43) ਵਜੋਂ ਕੀਤੀ ਹੈ, ਜੋਕਿ ਊਨਾ ਦਾ ਰਹਿਣ ਵਾਲਾ ਹੈ। ਉਸ ਦੇ ਪਰਿਵਾਰ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਮੋਬਾਇਲ ਫੋਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਖ਼ੂਨ ਦੇ ਧੱਬੇ ਅਤੇ ਹੋਰ ਸਬੂਤ ਇਕੱਠੇ ਕੀਤੇ। ਪੁਲਸ ਲਾਗਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੀ ਹੈ। ਪੁਲਸ ਮੁਤਾਬਕ ਮੁੱਖ ਮੁਲਜ਼ਮ ਵਿਨੋਦ ਅਤੇ ਉਸ ਦੇ ਪੁੱਤਰਾਂ ਦੀ ਭਾਲ ਲਈ ਸੰਭਾਵਿਤ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਕਤਲ ਦੇ ਕਾਰਨ ਅਤੇ ਘਟਨਾਕ੍ਰਮ ਦੀ ਪੂਰੀ ਤਸਵੀਰ ਸਪੱਸ਼ਟ ਹੋਣ ਦੀ ਉਮੀਦ ਹੈ।

