Rush at Phagwara hospital: Generator on roof catches fire, major accident averted
ਫਗਵਾੜਾ ਦੇ ਹਸਪਤਾਲ ‘ਚ ਮਚੀ ਭੱਜਦੌੜ: ਛੱਤ ‘ਤੇ ਰੱਖੇ ਜਨਰੇਟਰ ਨੂੰ ਲੱਗੀ ਅੱਗ, ਵੱਡਾ ਹਾਦਸਾ ਟਲਿਆ
ਫਗਵਾੜਾ (ਆਵਾਜ਼ਿ ਕੌਮ ਬਿਊਰੋ)-ਪਲਾਹੀ ਰੋਡ ’ਤੇ ਸਥਿਤ ਇਕ ਹਸਪਤਾਲ ’ਚ ਉਸ ਸਮੇਂ ਅਫ਼ਰਾ-ਤਫ਼ਰੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛੱਤ ’ਤੇ ਬਣੇ ਕਮਰੇ ’ਚ ਰੱਖੇ ਜਨਰੇਟਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਜਨਰੇਟਰ ਰੂਮ ’ਚ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦੇਖ ਮਰੀਜ਼ਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਮੈਡੀਕਲ ਸਟਾਫ਼ ’ਚ ਭੱਜਦੌੜ ਪੈ ਗਈ। ਘਟਨਾ ਦੀ ਸੂਚਨਾ ਤੁਰੰਤ ਸਥਾਨਕ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਨੇ ਮੌਕੇ ’ਤੇ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ। ਹਾਲਾਂਕਿ ਹਸਪਤਾਲ ਪ੍ਰਬੰਧਨ ਅਤੇ ਕਰਮਚਾਰੀਆਂ ਦੀ ਚੌਕਸੀ ਅਤੇ ਪ੍ਰਾਇਮਰੀ ਅੱਗ ਬੁਝਾਊ ਉਪਕਰਨਾਂ ਦੀ ਤੁਰੰਤ ਵਰਤੋਂ ਕਾਰਨ ਇਕ ਬਹੁਤ ਵੱਡਾ ਹਾਦਸਾ ਵਾਪਰਨੋਂ ਟਲ ਗਿਆ। ਹਸਪਤਾਲ ਦੇ ਸੀਨੀਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਇਲਾਕੇ ’ਚ ਲਗਾਤਾਰ ਹੋ ਰਹੀ ਬਿਜਲੀ ਦੀ ਅਣਐਲਾਨੀ ਕਟੌਤੀ ਕਾਰਨ ਬਿਜਲੀ ਉਪਕਰਨਾਂ ਦਾ ਓਵਰਹੀਟ ਹੋਣਾ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ’ਚ ਰੋਜ਼ਾਨਾ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਜਿਸ ਕਾਰਨ ਹਸਪਤਾਲ ’ਚ ਮਰੀਜ਼ਾਂ ਦੀ ਸਹਿਜ ਡਾਕਟਰੀ ਸੇਵਾ ਯਕੀਨੀ ਬਣਾਉਣ ਲਈ ਜਨਰੇਟਰ ਨੂੰ ਘੰਟਿਆਂ ਬੱਧੀ ਲਗਾਤਾਰ ਚਲਾਉਣਾ ਪੈਂਦਾ ਹੈ। ਅੱਤ ਦੀ ਗਰਮੀ ਅਤੇ ਲਗਾਤਾਰ ਚੱਲਣ ਕਾਰਨ ਜਨਰੇਟਰ ਗਰਮ ਹੋ ਕੇ ਅੱਗ ਦੀ ਲਪੇਟ ’ਚ ਆ ਗਿਆ। ਸਵੇਰ ਦੇ ਸਮੇਂ ਜਦੋਂ ਜਨਰੇਟਰ ਚੱਲ ਰਿਹਾ ਸੀ ਤਾਂ ਸਟਾਫ਼ ਮੈਂਬਰਾਂ ਨੇ ਛੱਤ ’ਚੋਂ ਸੰਘਣਾ ਧੂੰਆਂ ਨਿਕਲਦਾ ਦੇਖਿਆ। ਉੱਪਰ ਜਾ ਕੇ ਦੇਖਣ ’ਤੇ ਪਤਾ ਲੱਗਾ ਕਿ ਜਨਰੇਟਰ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ’ਚ ਘਿਰ ਚੁੱਕਾ ਸੀ। ਡਾ. ਸਿੰਘ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਉਨ੍ਹਾਂ ਨੇ ਤੁਰੰਤ ਹਸਪਤਾਲ ’ਚ ਮੌਜੂਦ ਸਿਲੰਡਰ, ਫੋਮ ਐਕਸਟਿੰਗੂਇਸ਼ਰ ਅਤੇ ਏ.ਬੀ.ਸੀ. ਮਾਰਕ ਵਾਲੇ ਅੱਗ ਬੁਝਾਊ ਸਿਲੰਡਰਾਂ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਹਸਪਤਾਲ ’ਚ ਮੌਜੂਦ ਅੱਗ ਬੁਝਾਊ ਸੁਰੱਖਿਆ ਉਪਕਰਨਾਂ ਦੀ ਪੂਰੀ ਵਰਤੋਂ ਕਰਦਿਆਂ ਕਰਮਚਾਰੀਆਂ ਨੇ ਮੁਸਤੈਦੀ ਦਿਖਾਈ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ ’ਤੇ ਪਹੁੰਚੀ ਅਤੇ ਅੰਤ ਵਿਚ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਗਿਆ। ਇਸ ਘਟਨਾ ’ਚ ਮੁੱਖ ਜਨਰੇਟਰ ਦੇ ਨਾਲ-ਨਾਲ ਬੈਕਅੱਪ ਵਜੋਂ ਰੱਖਿਆ ਇਕ ਹੋਰ ਛੋਟਾ ਜਨਰੇਟਰ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ। ਡਾਕਟਰ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਭਾਰੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਵਾਰ-ਵਾਰ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਨਾ ਸਿਰਫ਼ ਆਮ ਜਨਤਾ ਪਰੇਸ਼ਾਨ ਹੈ, ਸਗੋਂ ਹਸਪਤਾਲਾਂ ਵਰਗੀਆਂ ਐਮਰਜੈਂਸੀ ਸੰਸਥਾਵਾਂ ਲਈ ਵੀ ਜਨਰੇਟਰਾਂ ”ਤੇ ਨਿਰਭਰ ਰਹਿਣਾ ਖ਼ਤਰਨਾਕ ਸਾਬਤ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਹਤ ਸੰਸਥਾਵਾਂ ਦੇ ਸੁਚਾਰੂ ਸੰਚਾਲਨ ਲਈ ਬਿਜਲੀ ਸਪਲਾਈ ਦੀ ਵਿਵਸਥਾ ”ਚ ਤੁਰੰਤ ਸੁਧਾਰ ਕੀਤਾ ਜਾਵੇ।

