Bhubaneswar: Bus full of passengers skids off road and falls into paddy field, 30 injured
ਭੁਵਨੇਸ਼ਵਰ: ਸੜਕ ਤੋਂ ਫਿਸਲ ਝੋਨੇ ਦੇ ਖੇਤ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 30 ਜ਼ਖਮੀ
ਭੁਵਨੇਸ਼ਵਰ (ਆਵਾਜ਼ਿ ਕੌਮ ਬਿਊਰੋ)- ਓਡੀਸ਼ਾ ਦੇ ਨਯਾਗੜ੍ਹ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਬੱਸ ਡਿਵਾਈਡਰ ਨਾਲ ਟਕਰਾਉਣ ਮਗਰੋਂ ਸੜਕ ਤੋਂ ਫਿਸਲ ਕੇ ਝੋਨੇ ਦੇ ਖੇਤ ਵਿੱਚ ਡਿੱਗ ਗਈ, ਜਿਸ ਨਾਲ ਹਾਦਸਾ ਵਾਪਰ ਗਿਆ। ਜਿਸ ਸਮੇਂ ਬੱਸ ਹਾਦਸੇ ਦਾ ਸ਼ਿਕਾਰ ਹੋਈ, ਉਸ ਸਮੇਂ ਉਹ ਸਵਾਰੀਆਂ ਨਾਲ ਭਰੀ ਹੋਈ ਸੀ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਸ ਹਾਦਸੇ ਨਾਲ ਘੱਟੋ-ਘੱਟ 30 ਯਾਤਰੀ ਜ਼ਖਮੀ ਹੋ ਗਏ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸਵੇਰੇ 2 ਵਜੇ ਦੇ ਕਰੀਬ ਨਯਾਗੜ੍ਹ ਬਾਈਪਾਸ ‘ਤੇ ਵਾਪਰਿਆ, ਜਦੋਂ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਉਨ੍ਹਾਂ ਕਿਹਾ, “ਭੁਵਨੇਸ਼ਵਰ ਜਾ ਰਹੀ ਬੱਸ 40 ਯਾਤਰੀਆਂ ਨੂੰ ਲੈ ਕੇ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ ਅਤੇ ਬਾਈਪਾਸ ਤੋਂ ਲਗਭਗ 20 ਫੁੱਟ ਹੇਠਾਂ ਡਿੱਗ ਗਈ।” ਅਧਿਕਾਰੀ ਨੇ ਦੱਸਿਆ ਕਿ ਬੱਸ ਕੰਧਮਾਲ ਦੇ ਦਰਿੰਗਬਾੜੀ ਤੋਂ ਆ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਦੌਰਾਨ ਯਾਤਰੀਆਂ ਨੇ ਅਗਲੀ ਵਿੰਡਸ਼ੀਲਡ ਤੋੜ ਦਿੱਤੀ ਅਤੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀ ਯਾਤਰੀਆਂ ਨੂੰ ਨੇੜਲੇ ਨਯਾਗੜ੍ਹ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਯਾਤਰੀਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਭੁਵਨੇਸ਼ਵਰ ਰੈਫਰ ਕਰ ਦਿੱਤਾ ਗਿਆ ਹੈ। ਹਸਪਤਾਲ ਦੇ ਇੱਕ ਡਾਕਟਰ ਨੇ ਕਿਹਾ, “ਜ਼ਿਆਦਾਤਰ ਜ਼ਖਮੀ ਯਾਤਰੀਆਂ ਦੀ ਹਾਲਤ ਸਥਿਰ ਹੈ।”

