Explosion near school! Dozens of students injured, Kabul in chaos
ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ ਫੱਟੜ, ਕਾਬੁਲ ‘ਚ ਮਚੀ ਹਾਹਾਕਾਰ
Kabul, (ਆਵਾਜ਼ਿ ਕੌਮ ਬਿਊਰੋ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਸਕੂਲ ਕੰਪਲੈਕਸ ਦੇ ਨੇੜੇ ਹੋਏ ਭਿਆਨਕ ਧਮਾਕਾ ਹੋਇਆ ਹੈ, ਜਿਸ ‘ਚ ਘੱਟੋ-ਘੱਟ 42 ਬੱਚੇ ਜ਼ਖਮੀ ਹੋ ਗਏ ਹਨ। ਸੰਯੁਕਤ ਰਾਸ਼ਟਰ (UN) ਨੇ ਮੰਗਲਵਾਰ ਨੂੰ ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਅਫ਼ਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ (UNAMA) ਅਨੁਸਾਰ, ਇਸ ਧਮਾਕੇ ‘ਚ ਜ਼ਖਮੀ ਹੋਏ ਬੱਚਿਆਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਹੈ। ਕਾਬੁਲ ਪੁਲਸ ਦੇ ਬੁਲਾਰੇ ਖਾਲਿਦ ਜ਼ਾਦਰਾਨ ਨੇ ਦੱਸਿਆ ਕਿ ਇਹ ਧਮਾਕਾ ਸੋਮਵਾਰ ਨੂੰ ਇੱਕ ਹੈਂਡ ਗ੍ਰਨੇਡ ਕਾਰਨ ਹੋਇਆ ਸੀ, ਜਿਸ ‘ਚ ਕਈ ਬੱਚੇ ਝੁਲਸ ਕੇ ਜ਼ਖਮੀ ਹੋ ਗਏ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਧਮਾਕਾ ਰਾਜਧਾਨੀ ਦੇ ਉਸ ਇਲਾਕੇ ‘ਚ ਹੋਇਆ, ਜਿੱਥੇ ਘੱਟ-ਗਿਣਤੀ ‘ਹਜ਼ਾਰਾ’ ਭਾਈਚਾਰੇ ਦੀ ਆਬਾਦੀ ਜ਼ਿਆਦਾ ਹੈ। ਅਫ਼ਗਾਨਿਸਤਾਨ ‘ਚ ਹਜ਼ਾਰਾ ਭਾਈਚਾਰਾ ਲੰਬੇ ਸਮੇਂ ਤੋਂ ਨਿਸ਼ਾਨਾ ਬਣਾਏ ਜਾ ਰਹੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਦੱਸਿਆ ਕਿ ਯੂ.ਐੱਨ. ਮਿਸ਼ਨ ਨੇ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜ਼ਖਮੀ ਬੱਚਿਆਂ ਦੀ ਗਿਣਤੀ 50 ਦੇ ਨੇੜੇ ਵੀ ਦੱਸੀ ਜਾ ਰਹੀ ਹੈ, ਜਿਨ੍ਹਾਂ ਦਾ ਇਲਾਜ ਨਜ਼ਦੀਕੀ ਹਸਪਤਾਲ ‘ਚ ਕੀਤਾ ਜਾ ਰਿਹਾ ਹੈ।

