Machhiwara city completely shut down on Punjab bandh call, roads deserted
ਪੰਜਾਬ ਬੰਦ ਦੇ ਸੱਦੇ ‘ਤੇ ਮਾਛੀਵਾੜਾ ਸ਼ਹਿਰ ਮੁਕੰਮਲ ਬੰਦ, ਸੜਕਾਂ ‘ਤੇ ਪੱਸਰੀ ਸੁੰਨਸਾਨ
ਮਾਛੀਵਾੜਾ (ਆਵਾਜ਼ਿ ਕੌਮ ਬਿਊਰੋ)-ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਖ-ਵੱਖ ਸਮਾਜਿਕ ਜੱਥੇਬੰਦੀਆਂ, ਸਿਆਸੀ ਪਾਰਟੀਆਂ, ਕਿਸਾਨ ਯੂਨੀਅਨਾਂ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਮਾਛੀਵਾੜਾ ਸ਼ਹਿਰ ‘ਚ ਵੀ ਮੁਕੰਮਲ ਅਸਰ ਦੇਖਣ ਨੂੰ ਮਿਲਿਆ। ਅੱਜ ਸਵੇਰੇ ਕੁੱਝ ਦੁਕਾਨਾਂ ਖੁੱਲ੍ਹੀਆਂ ਸਨ ਪਰ ਬਾਅਦ ‘ਚ ਧਾਰਮਿਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਦੁਕਾਨਦਾਰਾਂ ਨੂੰ ਬੰਦ ‘ਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਬੰਦ ਦਾ ਅਸਰ ਇੰਨਾ ਵਿਆਪਕ ਰਿਹਾ ਕਿ ਸ਼ਹਿਰ ‘ਚ ਕੋਈ ਰੇਹੜੀ ਵੀ ਲੱਗੀ ਨਜ਼ਰ ਨਹੀਂ ਆਈ ਅਤੇ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਇਸ ਦੇ ਨਾਲ ਹੀ ਮਾਛੀਵਾੜਾ ਦੇ ਹਾੜੀਆ ਚੌਂਕ ਵਿਖੇ ਆਵਾਜਾਈ ਠੱਪ ਰਹੀ। ਇਸ ਤੋਂ ਇਲਾਵਾ ਮਾਛੀਵਾੜਾ-ਕੁਹਾੜਾ ਰੋਡ ’ਤੇ ਵੀ ਆਵਾਜਾਈ ਪ੍ਰਭਾਵਿਤ ਰਹੀ। ਦੱਸਿਆ ਜਾ ਰਿਹਾ ਹੈ ਕਿ ਬੰਦ ਦਾ ਅਸਰ ਦੁਪਹਿਰ ਤੱਕ ਪੂਰੀ ਤਰ੍ਹਾਂ ਦੇਖਣ ਨੂੰ ਮਿਲਿਆ। ਹੁਣ ਦੁਪਹਿਰ ਚਾਰ ਵਜੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸ਼ਹਿਰ ਦੇ ਬਾਜ਼ਾਰ ਖੁੱਲ੍ਹਦੇ ਹਨ ਜਾਂ ਨਹੀਂ।

