Health Department strict against adulteration, 3 samples collected from shops located at Jalandhar bus stand
ਮਿਲਾਵਟਖੋਰੀ ਖ਼ਿਲਾਫ਼ ਸਿਹਤ ਵਿਭਾਗ ਦੀ ਸਖ਼ਤੀ, ਜਲੰਧਰ ਬੱਸ ਸਟੈਂਡ ਸਥਿਤ ਦੁਕਾਨਾਂ ਤੋਂ ਭਰੇ 3 ਸੈਂਪਲ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕ ਪਦਾਰਥਾਂ ਦੀ ਵਿਕਰੀ ’ਤੇ ਰੋਕ ਲਾਉਣ ਲਈ ਜਾਰੀ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਵੀਰਵਾਰ ਨੂੰ ਬੱਸ ਸਟੈਂਡ ਸਥਿਤ ਖੁਰਾਕ ਪਦਾਰਥਾਂ ਦੀਆਂ ਦੁਕਾਨਾਂ ਤੋਂ 3 ਸੈਂਪਲ ਭਰੇ। ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਫੂਡ ਸੇਫਟੀ ਅਧਿਕਾਰੀ ਰਾਸ਼ੂ ਮਹਾਜਨ ਅਤੇ ਮੁਕੁਲ ਗਿੱਲ ਦੀ ਟੀਮ ਨੇ ਬੱਸ ਸਟੈਂਡ ’ਤੇ ਸਥਿਤ ਖੁਰਾਕ ਪਦਾਰਥ ਵੇਚਣ ਵਾਲੀਆਂ ਦੁਕਾਨਾਂ ’ਤੇ ਅਚਾਨਕ ਚੈਕਿੰਗ ਕਰਦੇ ਹੋਏ ਉਥੇ ਸਾਫ-ਸਫਾਈ ਦੀ ਜਾਂਚ ਕੀਤੀ ਅਤੇ ਜਿਥੇ ਸਾਫ-ਸਫਾਈ ਠੀਕ ਨਹੀਂ ਸੀ, ਉਨ੍ਹਾਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਐਕਟ ਦੀ ਧਾਰਾ 32 ਤਹਿਤ ਨੋਟਿਸ ਜਾਰੀ ਕੀਤੇ। ਇਸ ਦੌਰਾਨ ਟੀਮ ਨੇ ਬਣੀ ਹੋਈ ਮਿਕਸ ਵੈਜੀਟੇਬਲ, ਪੱਕੇ ਹੋਏ ਰਾਜਮਾਂਹ ਅਤੇ ਬ੍ਰੈੱਡ ਪਕੌੜੇ ਦਾ ਇਕ-ਇਕ ਸੈਂਪਲ ਭਰਿਆ। ਉਕਤ ਸਾਰੇ ਸੈਂਪਲ ਗੁਣਵੱਤਾ ਚੈੱਕ ਕਰਨ ਲਈ ਖਰੜ ਸਥਿਤ ਸਰਕਾਰੀ ਲੈਬਾਰਟਰੀ ਵਿਚ ਭੇਜੇ ਗਏ ਹਨ। ਇਸ ਵਿਸ਼ੇਸ਼ ਚੈਕਿੰਗ ਦੌਰਾਨ ਸਹਾਇਕ ਕਮਿਸ਼ਨਰ ਫੂਡ ਨੇ ਸਾਰੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਨੂੰ ਹਦਾਇਤ ਦਿੱਤੀ ਕਿ ਉਹ ਆਪਣਾ ਫੂਡ ਸੇਫਟੀ ਲਾਇਸੈਂਸ ਦੁਕਾਨ ’ਤੇ ਲਾ ਕੇ ਰੱਖਣ ਅਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਤੇ ਚੈਕਿੰਗ ਦੌਰਾਨ ਜੇਕਰ ਕਿਤੇ ਸਾਫ-ਸਫਾਈ ਨਾ ਮਿਲੀ ਤਾਂ ਦੁਕਾਨਦਾਰ ਨੂੰ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਲਾਵਟੀ ਅਤੇ ਘਟੀਆ ਕਿਸਮ ਦੇ ਖੁਰਾਕ ਪਦਾਰਥ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

