Anil Pandit and Himanshu Sonipat took responsibility for the gangster’s murder
ਅਨਿਲ ਪੰਡਤ ਤੇ ਹਿਮਾਂਸ਼ੂ ਸੋਨੀਪਤ ਨੇ ਲਈ ਗੈਂਗਸਟਰ ਦੇ ਕਤਲ ਦੀ ਜ਼ਿੰਮੇਵਾਰੀ
ਹਿਸਾਰ (ਆਵਾਜ਼ਿ ਕੌਮ ਬਿਊਰੋ)- ਹਿਸਾਰ ਜ਼ਿਲ੍ਹਾ ਕੋਰਟ ਕੰਪਲੈਕਸ ਦੇ ਬਾਹਰ ਗੈਂਗਸਟਰ ਵਿਨੋਦ ਪੰਨੂ ਉਰਫ਼ ਕਾਣਾ ਦੇ ਕਤਲ ਮਾਮਲੇ ‘ਚ ਵੱਡਾ ਮੋੜ ਆਇਆ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰ ਕੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਗਈ ਪੋਸਟ ‘ਚ ਅਨਿਲ ਪੰਡਿਤ ਅਤੇ ਹਿਮਾਂਸ਼ੂ ਸੋਨੀਪਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰੋਹਿਤ ਸੋਨੀਪਤ ਅਤੇ ਹਰਮਨ ਸੰਧੂ ਦੇ ਕਹਿਣ ‘ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੋਸਟ ਦੇ ਮਾਧਿਅਮ ਨਾਲ ਵਿਰੋਧੀਆਂ ਨੂੰ ਖੁੱਲ੍ਹੇਆਮ ਧਮਕੀ ਦਿੰਦੇ ਹੋਏ ਲਿਖਿਆ ਗਿਆ ਕਿ ”ਕੰਨ ਖੋਲ੍ਹ ਕੇ ਸੁਣ ਲਵੋ, ਟਾਈਮ ਰਹਿੰਦੇ ਸੁਧਰ ਜਾਓ ਨਹੀਂ ਤਾਂ ਸਾਰਿਆਂ ਦਾ ਇਹੀ ਅੰਜਾਮ ਹੋਵੇਗਾ।” ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਨੂੰ ਕੋਰਟ ‘ਚ ਪੇਸ਼ੀ ਤੋਂ ਬਾਹਰ ਨਿਕਲ ਰਹੇ ਗੈਂਗਸਟਰ ਵਿਨੋਦ ਪੰਨੂ ‘ਤੇ ਬਾਈਕ ਸਵਾਰ ਬਦਮਾਸ਼ਾਂ ਨੇ ਫਾਇਰਿੰਗ ਕਰ ਦਿੱਤੀ ਸੀ। ਕਰੀਬ 10 ਤੋਂ 14 ਰਾਊਂਡ ਚੱਲੀਆਂ ਗੋਲੀਆਂ ਨਾਲ ਵਿਨੋਦ ਪੰਨੂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਹਸਪਤਾਲ ਲਿਜਾਉਣ ‘ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਨੋਦ ਪੰਨੂ ‘ਤੇ ਕਤਲ ਸਮੇਤ 30 ਤੋਂ ਵੱਧ ਅਪਰਾਧਕ ਮਾਮਲੇ ਦਰਜ ਹਨ। ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪੁਲਸ ਨੇ ਇਕ ਹਮਲਾਵਰ ਨੂੰ ਮੌਕੇ ‘ਤੇ ਫੜ ਲਿਆ ਸੀ। ਪੁਲਸ ਦੀ ਸਾਈਬਰ ਸੈੱਲ ਅਤੇ ਸਪੈਸ਼ਲ ਟੀਮਾਂ ਵਾਇਰਲ ਪੋਸਟ ਅਤੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ‘ਚ ਜੁਟ ਗਈਆਂ ਹਨ ਤਾਂ ਕਿ ਸਾਜਿਸ਼ ‘ਚ ਸ਼ਾਮਲ ਹੋਰ ਗੈਂਗਸਟਰਾਂ ਤੱਕ ਪਹੁੰਚਿਆ ਜਾ ਸਕੇ।

