Hindu-Muslim communal harmony still exists in Akbar’s birthplace ‘Umarkot’
ਅਕਬਰ ਦੇ ਜਨਮ ਅਸਥਾਨ ‘ਉਮਰਕੋਟ’ ‘ਚ ਅੱਜ ਵੀ ਬਰਕਰਾਰ ਹੈ ਹਿੰਦੂ-ਮੁਸਲਿਮ ਭਾਈਚਾਰਕ ਸਾਂਝ
ਗੁਰਦਾਸਪੁਰ/ਉਮਰਕੋਟ (ਆਵਾਜ਼ਿ ਕੌਮ ਬਿਊਰੋ)-ਲਗਭਗ 50 ਸਾਲਾਂ ਤੱਕ ਭਾਰਤ ’ਤੇ ਰਾਜ ਕਰਨ ਵਾਲੇ ਮੁਗਲ ਸਮਰਾਟ ਅਕਬਰ ਦਾ ਜਨਮ ਉਮਰਕੋਟ ’ਚ ਹੋਇਆ ਸੀ। ਅੱਜ ਵੀ ਸਿੰਧ ਦੇ ਇਸ ਖੇਤਰ ਦੇ ਸਾਰੇ ਭਾਈਚਾਰੇ ਇਕ ਦੂਜੇ ਦੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਂਦੇ ਹਨ। ਪਾਕਿਸਤਾਨ ਦੇ ਸਿੰਧ ਸੂਬੇ ਦੇ ਇਕ ਛੋਟੇ ਜਿਹੇ ਕਸਬੇ ਉਮਰਕੋਟ ’ਚ, ਜੋ ਕਿ ਮੁਗਲ ਸਮਰਾਟ ਜਲਾਲ-ਉਦ-ਦੀਨ ਮੁਹੰਮਦ ਅਕਬਰ ਦੇ ਜਨਮ ਸਥਾਨ ਵਜੋਂ ਮਸ਼ਹੂਰ ਹੈ, ਹਿੰਦੂ ਦੋ ਵੱਡੇ ਤਿਉਹਾਰਾਂ—ਦੀਵਾਲੀ ਅਤੇ ਹੋਲੀ ਲਈ ਇਕੱਠੇ ਹੁੰਦੇ ਹਨ। ਉਮਰਕੋਟ (ਜਾਂ ਅਮਰਕੋਟ), ਜਿਸ ਦੀ ਆਬਾਦੀ 10 ਲੱਖ ਤੋਂ ਵੱਧ ਹੈ, ’ਚ ਹਿੰਦੂਆਂ ਅਤੇ ਮੁਸਲਮਾਨਾਂ ਦੀ ਬਰਾਬਰ ਗਿਣਤੀ ਹੈ, ਜੋ ਅਕਬਰ ਦੇ ਆਪਸੀ ਸਦਭਾਵਨਾ ਦੇ ਮੁੱਲਾਂ ਦੀ ਪਾਲਣਾ ਕਰਦੇ ਹਨ। ਉਮਰਕੋਟ ਦੇ ਨਿਵਾਸੀ ਅੱਲ੍ਹਾ ਬਖਸ਼ ਨੇ ਕਿਹਾ ਕਿ ਅਕਬਰ ਦੇ ਰਾਜ ਦੌਰਾਨ ਮੁਸਲਮਾਨਾਂ ਅਤੇ ਹਿੰਦੂਆਂ ਨੇ ਆਪਸੀ ਸਦਭਾਵਨਾ ਦੀ ਇਕ ਉਦਾਹਰਣ ਕਾਇਮ ਕੀਤੀ। ਇਹ ਅਕਬਰ ਦਾ ਸ਼ਹਿਰ ਹੈ ਅਤੇ ਆਪਸੀ ਸਦਭਾਵਨਾ ਦਾ ਸ਼ਹਿਰ ਹੈ। ਇਤਿਹਾਸਕ ਰਿਕਾਰਡ ਦਰਸਾਉਂਦੇ ਹਨ ਕਿ ਭਾਰਤ ਦੇ ਸਭ ਤੋਂ ਮਸ਼ਹੂਰ ਰਾਜਿਆਂ ’ਚੋਂ ਇਕ ਅਕਬਰ ਦਾ ਜਨਮ 23 ਨਵੰਬਰ 1542 ਨੂੰ ਉਮਰਕੋਟ ’ਚ ਹੋਇਆ ਸੀ। ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਬਿਹਾਰ ਦੇ ਅਫਗਾਨ ਗਵਰਨਰ ਸ਼ੇਰ ਖਾਨ ਤੋਂ ਹਾਰਨ ਤੋਂ ਬਾਅਦ ਹੁਮਾਯੂੰ ਨੇ ਆਪਣੀ ਪਤਨੀ ਹਮੀਦਾ ਬਾਨੋ, ਸੱਤ ਘੋੜਸਵਾਰਾਂ ਅਤੇ ਸਮਰਥਕਾਂ ਨਾਲ ਉਮਰਕੋਟ ’ਚ ਸ਼ਰਨ ਲਈ ਸੀ। ਅਕਬਰ ਦੇ ਜਨਮ ਸਥਾਨ ’ਤੇ ਇਕ ਤਖ਼ਤੀ ’ਤੇ ਲਿਖਿਆ ਹੈ, ‘ਭਗੌੜੇ ਤਾਜ ਰਹਿਤ ਰਾਜੇ ਨੇ ਆਪਣੇ ਪੁੱਤਰ ਦੇ ਜਨਮ ਦੇ ਸ਼ੁਭ ਮੌਕੇ ਨੂੰ ਆਪਣੇ ਵਫ਼ਾਦਾਰ ਸਾਥੀਆਂ ’ਚ ਕਸਤੂਰੀ (ਅਤਰ) ਵੰਡ ਕੇ ਮਨਾਇਆ ਅਤੇ ਮਾਣ ਨਾਲ ਐਲਾਨ ਕੀਤਾ ਕਿ ਇਕ ਦਿਨ ਇਸ ਨਵਜੰਮੇ ਬੱਚੇ ਦੀ ਪ੍ਰਸਿੱਧੀ ਇਸ ਕਸਤੂਰੀ ਦੀ ਖੁਸ਼ਬੂ ਵਾਂਗ ਪੂਰੀ ਦੁਨੀਆ ’ਚ ਫੈਲ ਜਾਵੇਗੀ।’ ਪ੍ਰਸਿੱਧ ਸਮਰਾਟ, ਜਿਸ ਨੂੰ ਉਸ ਦੀ ਅਗਾਂਹਵਧੂ ਸੋਚ ਅਤੇ ਧਰਮ ਨਿਰਪੱਖ ਪਹੁੰਚ ਲਈ ‘ਅਕਬਰ ਮਹਾਨ’ ਕਿਹਾ ਜਾਂਦਾ ਹੈ, ਦੀਵਾਲੀ ਮਨਾਉਣ ਅਤੇ ਬ੍ਰਾਹਮਣ ਪੁਜਾਰੀਆਂ ਤੋਂ ਗੁੱਟ ’ਤੇ ਪਵਿੱਤਰ ਧਾਗਾ ਬੰਨ੍ਹਣ ਦੀ ਆਗਿਆ ਦੇਣ ਲਈ ਜਾਣਿਆ ਜਾਂਦਾ ਹੈ। ਉਸ ਨੇ ਬੀਫ ਖਾਣਾ ਵੀ ਛੱਡ ਦਿੱਤਾ ਸੀ ਅਤੇ ਕੁਝ ਦਿਨਾਂ ਲਈ ਮਾਸ ਦੀ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਸੀ। ਰੈਸਟੋਰੈਂਟ ਚਲਾਉਣ ਵਾਲੇ ਰਾਜਾ ਰਾਮੂ ਚੰਦ ਨੇ ਕਿਹਾ ਕਿ ਸ਼ਹਿਰ ’ਚ ਮੁਸਲਮਾਨ ਅਤੇ ਹਿੰਦੂ ’ਚ ਫਰਕ ਕਰਨਾ ਮੁਸ਼ਕਲ ਹੈ। ਲੋਕ ਆਪਣੇ ਧਰਮ ਬਾਰੇ ਸਿਰਫ਼ ਉਦੋਂ ਸਿੱਖਦੇ ਹਨ ਜਦੋਂ ਉਹ ਆਪਣੇ ਪੂਜਾ ਸਥਾਨ ’ਤੇ ਜਾਂਦੇ ਹਨ। ਉਹ ਸਿਰਫ਼ ਪਿਆਰ ਜਾਣਦੇ ਹਨ ਅਤੇ ਬਜ਼ੁਰਗਾਂ ਤੋਂ ਮਿਲੀ ਭਾਈਚਾਰਕ ਸਾਂਝ ਦੀ ਵਿਰਾਸਤ ਕਰਕੇ ਨਫ਼ਰਤ ਨੂੰ ਕਾਬੂ ’ਚ ਰੱਖਿਆ ਹੈ। ਉਮਰਕੋਟ ਦੇ ਹਿੰਦੂ ਨਿਵਾਸੀ ਅਤੇ ਵਪਾਰੀ ਦਿਲੀਪ ਕੁਮਾਰ ਨੇ ਦੱਸਿਆ ਕਿ ਦੀਵਾਲੀ ’ਤੇ ਉਨ੍ਹਾਂ ਦੇ ਘਰ ਦੇ ਦੀਵੇ ਮੁਸਲਿਮ ਦੋਸਤਾਂ ਵੱਲੋਂ ਲਿਆਂਦੇ ਤੇਲ ਨਾਲ ਜਗਾਏ ਜਾਂਦੇ ਹਨ। ਉਨ੍ਹਾਂ ਦਾ ਪਰਿਵਾਰ ਪਿਛਲੇ 35 ਸਾਲਾਂ ਤੋਂ ਮੁਹੱਰਮ ਦੇ ਜਲੂਸਾਂ ’ਚ ਵੀ ਹਿੱਸਾ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਅਤੇ ਮੁਸਲਮਾਨ ਇੱਕੋ ਸਟੇਜ ਸਾਂਝੀ ਕਰਦੇ ਹਨ। ਉਮਰਕੋਟ ’ਚ ਭਗਵਾਨ ਸ਼ਿਵ ਨੂੰ ਸਮਰਪਿਤ ਇਕ ਮੰਦਰ ਵੀ ਹੈ, ਜਿਸ ’ਚ ਪਾਕਿਸਤਾਨ ਦਾ ਇਕੋ-ਇਕ ਸ਼ਿਵਲਿੰਗ ਹੈ। ਸ਼ਿਵ ਮੰਦਰ ਦੇ ਮਹਾਰਾਜ ਗਿਆਨ ਪੁਰੀ ਗੋਸਵਾਮੀ ਨੇ ਦੱਸਿਆ ਕਿ ਸਿਰਫ਼ ਹਿੰਦੂ ਹੀ ਨਹੀਂ, ਸਗੋਂ ਮੁਸਲਮਾਨ ਵੀ ਮੰਦਰ ਵਿੱਚ ਆਉਂਦੇ ਹਨ ਅਤੇ ਸਭ ਦੁੱਖ-ਸੁੱਖ ਸਾਂਝੇ ਕਰਦੇ ਹਨ। ਮੁਸਲਿਮ ਇਤਿਹਾਸਕਾਰ ਅਰਬਾਬ ਨਾਇਕ ਮੁਹੰਮਦ ਅਨੁਸਾਰ ਇੱਕ-ਦੂਜੇ ਦੀਆਂ ਖ਼ੁਸ਼ੀਆਂ ਮਨਾਉਣਾ ਉਮਰਕੋਟ ਦੇ ਲੋਕਾਂ ਦੇ ਜੀਵਨ ਦਾ ਅਹਿਮ ਹਿੱਸਾ ਹੈ।

