Russia suddenly sells gold worth Rs 80,000 crore, creating a stir in the global market
ਰੂਸ ਨੇ ਅਚਾਨਕ ਵੇਚ ‘ਤਾ 80 ਹਜ਼ਾਰ ਕਰੋੜ ਰੁਪਏ ਦਾ ਸੋਨਾ, ਗਲੋਬਲ ਮਾਰਕੀਟ ‘ਚ ਮਚੀ ਹਲਚਲ
ਮਾਸਕੋ (ਆਵਾਜ਼ਿ ਕੌਮ ਬਿਊਰੋ)- ਜਿੱਥੇ ਦੁਨੀਆ ਭਰ ਦੇ ਦੇਸ਼ ਵੱਡੇ ਪੱਧਰ ‘ਤੇ ਸੋਨਾ ਖਰੀਦ ਰਹੇ ਹਨ, ਉੱਥੇ ਹੀ ਰੂਸ ਨੇ ਅਚਾਨਕ ਆਪਣਾ ਸੋਨਾ ਵੇਚਣਾ ਸ਼ੁਰੂ ਕਰਕੇ ਗਲੋਬਲ ਮਾਰਕੀਟ ਨੂੰ ਹੈਰਾਨ ਕਰ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਰੂਸ ਨੇ ਅਚਾਨਕ ਆਪਣਾ ਖਜ਼ਾਨਾ ਖਾਲੀ ਕਰਨਾ ਸ਼ੁਰੂ ਕਰਦਿਆਂ ਲਗਭਗ 50 ਹਜ਼ਾਰ ਕਿੱਲੋ (80 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ) ਸੋਨਾ ਵੇਚ ਦਿੱਤਾ ਹੈ। ਇਸ ਭਾਰੀ ਬਿਕਵਾਲੀ ਤੋਂ ਬਾਅਦ ਰੂਸ ਦਾ ਸੋਨੇ ਦਾ ਭੰਡਾਰ ਪਿਛਲੇ 6 ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਿਆ ਹੈ। ਰੂਸ ਦੇ ਸੈਂਟਰਲ ਬੈਂਕ ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ 1 ਅਗਸਤ ਤੱਕ ਰੂਸ ਦੇ ਸੋਨੇ ਦੇ ਭੰਡਾਰ ਵਿੱਚ 1.6 ਮਿਲੀਅਨ ਔਂਸ (ਲਗਭਗ 40,765 ਕਿਲੋਗ੍ਰਾਮ) ਦੀ ਵੱਡੀ ਕਮੀ ਆਈ ਹੈ। ਹੁਣ ਰੂਸ ਕੋਲ ਸੋਨੇ ਦਾ ਰਿਜ਼ਰਵ ਘਟ ਕੇ 73.2 ਮਿਲੀਅਨ ਔਂਸ (ਕਰੀਬ 22.80 ਲੱਖ ਕਿਲੋਗ੍ਰਾਮ) ਰਹਿ ਗਿਆ ਹੈ, ਜੋ ਜਨਵਰੀ 2020 ਤੋਂ ਬਾਅਦ ਸਭ ਤੋਂ ਘੱਟ ਮਾਤਰਾ ਹੈ। ਮੌਜੂਦਾ ਸਮੇਂ ਰੂਸ 2,283 ਟਨ ਸੋਨੇ ਦੇ ਭੰਡਾਰ ਨਾਲ ਦੁਨੀਆ ਵਿੱਚ ਛੇਵੇਂ ਸਥਾਨ ‘ਤੇ ਹੈ, ਜਦਕਿ ਅਮਰੀਕਾ (8,133 ਟਨ) ਪਹਿਲੇ ਅਤੇ ਭਾਰਤ (881 ਟਨ) ਅੱਠਵੇਂ ਸਥਾਨ ‘ਤੇ ਹੈ। ਇਸ ਬਿਕਵਾਲੀ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਪੈਸੇ ਦੀ ਕਿੱਲਤ (ਤੰਗੀ) ਹੈ। ਯੂਕਰੇਨ ਜੰਗ ਤੋਂ ਬਾਅਦ ਰੂਸ ‘ਤੇ ਲੱਗੇ ਸਖ਼ਤ ਗਲੋਬਲ ਆਰਥਿਕ ਪਾਬੰਦੀਆਂ ਕਾਰਨ ਉਸ ਦੀ ਤੇਲ ਅਤੇ ਗੈਸ ਤੋਂ ਹੋਣ ਵਾਲੀ ਕਮਾਈ (ਐਨਰਜੀ ਰੈਵੇਨਿਊ) ਵਿੱਚ ਭਾਰੀ ਗਿਰਾਵਟ ਆਈ ਹੈ। ਦੇਸ਼ ਦਾ ਰੋਜ਼ਾਨਾ ਖਰਚਾ ਚਲਾਉਣ ਅਤੇ ਬਜਟ ਦੇ ਘਾਟੇ ਨੂੰ ਪੂਰਾ ਕਰਨ ਲਈ ਰੂਸੀ ਸਰਕਾਰ ਨੂੰ ਮਜਬੂਰ ਹੋ ਕੇ ਆਪਣੇ ‘ਨੈਸ਼ਨਲ ਵੈੱਲਬੀਇੰਗ ਫੰਡ’ ਵਿੱਚੋਂ ਵਿਦੇਸ਼ੀ ਮੁਦਰਾ ਅਤੇ ਸੋਨਾ ਵੇਚਣਾ ਪੈ ਰਿਹਾ ਹੈ। ਕਦੇ ਦੁਨੀਆ ਵਿੱਚ ਸੋਨੇ ਦਾ ਸਭ ਤੋਂ ਵੱਡਾ ਸਰਕਾਰੀ ਖਰੀਦਦਾਰ ਰਹਿਣ ਵਾਲੇ ਰੂਸ ਨੇ ਸਾਲ 2020 ਦੀ ਸ਼ੁਰੂਆਤ ਵਿੱਚ ਖਰੀਦਦਾਰੀ ਰੋਕ ਦਿੱਤੀ ਸੀ। ਹਾਲਾਂਕਿ ਫਰਵਰੀ 2022 ਵਿੱਚ ਯੂਕਰੇਨ ‘ਤੇ ਹਮਲੇ ਤੋਂ ਬਾਅਦ ਲੱਗੀਆਂ ਪਾਬੰਦੀਆਂ ਕਾਰਨ ਰੂਸ ਨੇ ਫਿਰ ਤੋਂ ਥੋੜ੍ਹੀ-ਬਹੁਤ ਖਰੀਦਦਾਰੀ ਸ਼ੁਰੂ ਕੀਤੀ, ਪਰ ਇਹ ਵੱਡੇ ਪੱਧਰ ‘ਤੇ ਨਹੀਂ ਹੋ ਸਕੀ। ਮਹਿਜ਼ ਸੱਤ ਮਹੀਨਿਆਂ ਦੇ ਅੰਦਰ ਹੀ ਰੂਸ ਦੇ ਸੋਨੇ ਦੇ ਭੰਡਾਰ ਦੀ ਕੀਮਤ ਵਿੱਚ 33.7 ਬਿਲੀਅਨ ਡਾਲਰ (ਕਰੀਬ 3.21 ਲੱਖ ਕਰੋੜ ਰੁਪਏ) ਦੀ ਵੱਡੀ ਗਿਰਾਵਟ ਆ ਚੁੱਕੀ ਹੈ। ਜਿਸ ਤਰ੍ਹਾਂ ਰੂਸ ਲਗਾਤਾਰ ਸੋਨਾ ਬਾਜ਼ਾਰ ਵਿੱਚ ਕੱਢ ਰਿਹਾ ਹੈ, ਉਸ ਨਾਲ ਗਲੋਬਲ ਮਾਰਕੀਟ ਵਿੱਚ ਸੋਨੇ ਦੀ ਸਪਲਾਈ ਅਚਾਨਕ ਵਧ ਸਕਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਰੂਸ ਦੀ ਇਹ ਬਿਕਵਾਲੀ ਇਸੇ ਤਰ੍ਹਾਂ ਜਾਰੀ ਰਹੀ, ਤਾਂ ਆਉਣ ਵਾਲੇ ਦਿਨਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਬਾਜ਼ਾਰਾਂ ‘ਤੇ ਵੀ ਪਵੇਗਾ।

