Spying under the guise of a shoe shop! Pakistani network exposed from Ludhiana
ਜੁੱਤੀਆਂ ਦੀ ਦੁਕਾਨ ਦੀ ਆੜ ’ਚ ਜਾਸੂਸੀ! ਲੁਧਿਆਣਾ ਤੋਂ ਪਾਕਿਸਤਾਨੀ ਨੈੱਟਵਰਕ ਦਾ ਪਰਦਾਫ਼ਾਸ਼
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਪੰਜਾਬ ਨੂੰ ਦਹਿਲਾਉਣ ਅਤੇ ਦੇਸ਼ ਦੀ ਸੁਰੱਖਿਆ ‘ਚ ਸੰਨ੍ਹ ਲਗਾਉਣ ਦੀ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਇੱਕ ਹੋਰ ਖ਼ਤਰਨਾਕ ਸਾਜ਼ਿਸ਼ ਦਾ ਲੁਧਿਆਣਾ ‘ਚ ਪਰਦਾਫ਼ਾਸ਼ ਹੋਇਆ ਹੈ। ਫ਼ਿਰੋਜ਼ਪੁਰ ਰੋਡ ’ਤੇ ਜੁੱਤੀਆਂ ਦੀ ਦੁਕਾਨ ਦੀ ਆੜ ‘ਚ ਰਹਿ ਕੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ 22 ਸਾਲਾ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫ਼ੜਿਆ ਮੁਲਜ਼ਮ ਜੁੱਤੀਆਂ ਦੀ ਦੁਕਾਨ ਦੇ ਬਾਹਰ ਲੱਗੇ ਹਾਈ-ਟੈੱਕ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਾਈਵ ਫ਼ੀਡ ਸਿੱਧੀ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਤੱਕ ਪਹੁੰਚਾ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਛਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦਾਸਪੁਰ ਦੇ ਪਿੰਡ ਸਰਫ਼ ਕੋਟ ਦਾ ਰਹਿਣ ਵਾਲਾ ਹੈ। ਪੁਲਸ ਜਾਂਚ ਅਨੁਸਾਰ ਮੁਲਜ਼ਮ ਰਛਪਾਲ ਸਿੰਘ ਪਾਕਿਸਤਾਨ ਦਾ ਜਾਸੂਸ ਹੈ ਅਤੇ ਦੁਕਾਨ ਦੀ ਆੜ ‘ਚ ਸ਼ਹਿਰ ਦੀਆਂ ਤਮਾਮ ਸਰਗਰਮੀਆਂ ਨੂੰ ਪਾਕਿਸਤਾਨੀ ਆਕਾਵਾਂ ਤੱਕ ਪਹੁੰਚਾ ਰਿਹਾ ਸੀ। ਜਾਂਚ ‘ਚ ਬੇਹੱਦ ਹੈਰਾਨ ਵਾਲਾ ਖ਼ੁਲਾਸਾ ਹੋਇਆ ਹੈ ਕਿ ਦੁਕਾਨ ਦੇ ਬਾਹਰ ਵਿਸ਼ੇਸ਼ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਸਿੱਧੀਆਂ ਤਸਵੀਰਾਂ, ਲਾਈਵ ਵੀਡੀਓ ਅਤੇ ਡਿਜੀਟਲ ਨਿਗਰਾਨੀ ਦਾ ਪੂਰਾ ਐਕਸੈੱਸ ਪਾਕਿਸਤਾਨ ‘ਚ ਬੈਠੇ ਹੈਂਡਲਰਾਂ ਨੂੰ ਦਿੱਤਾ ਗਿਆ ਸੀ ਤੇ ਸਰਹੱਦ ਪਾਰ ਬੈਠੇ ਅੱਤਵਾਦੀ ਤੇ ਖ਼ੁਫ਼ੀਆ ਏਜੰਸੀ ਦੇ ਲੋਕ ਲੁਧਿਆਣਾ ਸ਼ਹਿਰ ਦੀਆਂ ਸੜਕਾਂ, ਵੀ. ਆਈ. ਪੀ. ਰੂਟਾਂ ਤੇ ਸੰਭਾਵੀ ਫ਼ੌਜੀ ਮੂਵਮੈਂਟਾਂ ’ਤੇ 24 ਘੰਟੇ ਪੈਨੀ ਨਜ਼ਰ ਰੱਖ ਰਹੇ ਸਨ। ਜਾਂਚ ਏਜੰਸੀਆਂ ਅਨੁਸਾਰ ਮੁਲਜ਼ਮ ਰਛਪਾਲ ਸਿੰਘ ਵੱਖ-ਵੱਖ ਫ਼ਰਜ਼ੀ ਤੇ ਅਣਪਛਾਤੇ ਮੋਬਾਇਲ ਨੰਬਰਾਂ ਦੀ ਵਰਤੋਂ ਕਰ ਕੇ ਲੋਕਾਂ ਨੂੰ ਧਮਕੀਆਂ ਵੀ ਦਿੰਦਾ ਸੀ। ਇਕ ਖ਼ਾਸ ਮੁਖ਼ਬਰ ਨੇ ਪੁਲਸ ਨੂੰ ਮੁਲਜ਼ਮ ਦੀਆਂ ਦੇਸ਼-ਵਿਰੋਧੀ ਗਤੀਵਿਧੀਆਂ ਦੀ ਸਟੀਕ ਸੂਚਨਾ ਦਿੱਤੀ ਤੇ ਪੁਲਸ ਨੇ ਰਛਪਾਲ ਸਿੰਘ ਨੂੰ ਧਰ ਦਬੋਚਿਆ। ਫ਼ਿਲਹਾਲ ਜਾਂਚ ਏਜੰਸੀਆਂ ਪਤਾ ਲਾਉਣ ਵਿਚ ਜੁੱਟੀਆਂ ਹਨ ਕਿ ਪਾਕਿਸਤਾਨ ‘ਚਕਿਹੜੇ-ਕਿਹੜੇ ਖ਼ੁਫ਼ੀਆ ਅਧਿਕਾਰੀਆਂ ਤੇ ਹੈਂਡਲਰਾਂ ਨੂੰ ਕੈਮਰਿਆਂ ਦਾ ਲਾਈਵ ਐਕਸੈਸ ਦਿੱਤਾ ਗਿਆ ਸੀ ਤੇ ਉਸ ਨੂੰ ਇਸ ਦੇ ਬਦਲੇ ਕਿੰਨੀ ਫ਼ੰਡਿੰਗ ਮਿਲ ਰਹੀ ਸੀ।

