Show cause notice issued to 3 BJP leaders from Sangrur
ਸੰਗਰੂਰ ਦੇ 3 ਭਾਜਪਾ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ
ਜਲੰਧਰ/ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਭਾਰਤੀ ਜਨਤਾ ਪਾਰਟੀ ਪੰਜਾਬ ਦੀ ਅਨੁਸ਼ਾਸਨ ਕਮੇਟੀ ਨੇ 25 ਅਗਸਤ ਨੂੰ ਸੰਗਰੂਰ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਪਾਰਟੀ ਦੇ ਤਿੰਨ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ‘ਚ ਰਣਦੀਪ ਸਿੰਘ ਦਿਓਲ, ਮਨਿੰਦਰ ਸਿੰਘ ਕਪਿਲ (ਸਾਬਕਾ ਜ਼ਿਲਾ ਪ੍ਰਧਾਨ, ਭਾਜਪਾ ਸੰਗਰੂਰ) ਅਤੇ ਜਤਿੰਦਰ ਕਾਲੜਾ (ਸਾਬਕਾ ਸੂਬਾ ਸੇਲਜ਼ ਕੋਆਰਡੀਨੇਟਰ, ਭਾਜਪਾ ਪੰਜਾਬ) ਸ਼ਾਮਲ ਹਨ। ਨੋਟਿਸ ਦੇ ਅਨੁਸਾਰ ਤਿੰਨਾਂ ਆਗੂਆਂ ਨੇ ਸੰਗਰੂਰ ਵਿਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਹਿੱਸਾ ਲਿਆ, ਜਿਸ ਵਿਚ ਭਾਜਪਾ ਦੇ ਅੰਦਰੂਨੀ ਮਾਮਲਿਆਂ ਅਤੇ ਜਥੇਬੰਦਕ ਵਿਸ਼ਿਆਂ ਨਾਲ ਸੰਬੰਧਿਤ ਅਜਿਹੇ ਬਿਆਨ ਦਿੱਤੇ ਜਾਣ ਦਾ ਦੋਸ਼ ਹੈ, ਜੋ ਪਾਰਟੀ ਦੀ ਸਥਾਪਤ ਲਾਈਨ ਅਤੇ ਅਨੁਸ਼ਾਸਨ ਦੇ ਉਲਟ ਸਨ। ਅਨੁਸ਼ਾਸਨ ਕਮੇਟੀ ਨੇ ਕਿਹਾ ਕਿ ਇਸ ਆਚਰਨ ਨਾਲ ਪਹਿਲੀ ਨਜ਼ਰੇ ਪਾਰਟੀ ਦੇ ਵੱਕਾਰ, ਭਰੋਸੇਯੋਗਤਾ ਅਤੇ ਜਥੇਬੰਦਕ ਅਕਸ ’ਤੇ ਮਾੜਾ ਅਸਰ ਪਿਆ ਹੈ। ਪਾਰਟੀ ਸੰਗਠਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸੰਬੰਧਤ ਆਗੂਆਂ ਨੂੰ ਨੋਟਿਸ ਮਿਲਣ ਦੇ 7 ਦਿਨਾਂ ਅੰਦਰ ਲਿਖਤੀ ਸਪੱਸ਼ਟੀਕਰਨ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ ਕਿ ਪਾਰਟੀ ਅਨੁਸ਼ਾਸਨ ਦੇ ਕਥਿਤ ਉਲੰਘਣ ਅਤੇ ਪਾਰਟੀ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਿਉਂ ਨਾ ਸ਼ੁਰੂ ਕੀਤੀ ਜਾਵੇ। ਨੋਟਿਸ ‘ਚ ਹਰੇਕ ਵਿਅਕਤੀ ਦੀ ਪ੍ਰੈੱਸ ਕਾਨਫਰੰਸ ਵਿਚ ਭੂਮਿਕਾ, ਉਨ੍ਹਾਂ ਵੱਲੋਂ ਦਿੱਤੇ ਗਏ ਬਿਆਨਾਂ ਅਤੇ ਪ੍ਰੈੱਸ ਕਾਨਫਰੰਸ ਦੇ ਉਦੇਸ਼ ਦੇ ਸੰਬੰਧ ‘ਚ ਵੀ ਵਿਸ਼ੇਸ਼ ਸਪੱਸ਼ਟੀਕਰਨ ਮੰਗਿਆ ਗਿਆ ਹੈ। ਤੈਅ ਸਮੇਂ ਦੇ ਅੰਦਰ ਜਵਾਬ ਨਾ ਦੇਣ ਦੀ ਸੂਰਤ ‘ਚ ਅਨੁਸ਼ਾਸਨ ਕਮੇਟੀ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੰਵਿਧਾਨ ਅਤੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਹੋਰ ਨੋਟਿਸ ਦੇ ਯੋਗ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ‘ਕਾਰਨ ਦੱਸੋ’ ਨੋਟਿਸ ਸੋਮ ਪ੍ਰਕਾਸ਼ (ਪ੍ਰਧਾਨ, ਅਨੁਸ਼ਾਸਨ ਕਮੇਟੀ, ਭਾਜਪਾ ਪੰਜਾਬ) ਵੱਲੋਂ ਜਾਰੀ ਕੀਤੇ ਗਏ ਹਨ। ਨੋਟਿਸ ਦੀਆਂ ਕਾਪੀਆਂ ਭਾਜਪਾ ਪੰਜਾਬ ਇੰਚਾਰਜ ਸਤੀਸ਼ ਪੂਨੀਆਂ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ, ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੂਬਾ ਜਨਰਲ ਸਕੱਤਰ (ਸੰਗਠਨ) ਮੰਥਰੀ ਸ਼੍ਰੀਨਿਵਾਸੁਲੂ ਨੂੰ ਵੀ ਭੇਜੀਆਂ ਗਈਆਂ ਹਨ।

