This SHO of Punjab Police was caught red-handed! A major operation was carried out, the mobile phone revealed the secrets
ਪੰਜਾਬ ਪੁਲਸ ਦੇ ਇਸ SHO ‘ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਮੋਬਾਇਲ ਨੇ ਖੋਲ੍ਹੇ ਰਾਜ਼
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ਪੁਲਸ ਦੇ ਮੁਲਾਜ਼ਮ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਜਲੰਧਰ ਦੇ ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਜੈ ਇੰਦਰ ਨੂੰ ਸਸਪੈਂਡ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਥਾਣੇ ਦਾ ਇੰਚਾਰਜ ਸਬ ਇੰਸਪੈਕਟਰ ਗੁਰਦੀਪ ਸਿੰਘ ਨੂੰ ਸੌਂਪਿਆ ਗਿਆ ਹੈ। ਜੈ ਇੰਦਰ ਨੂੰ ਹਟਾਉਣ ਪਿੱਛੇ ਇਲਾਕੇ ‘ਚ ਲਗਾਤਾਰ ਵਧ ਰਹੀ ਗੈਂਗਵਾਰ ਅਤੇ ਗੈਂਗਸਟਰਾਂ ਦੇ ਖ਼ਿਲਾਫ਼ ਢੁੱਕਵੀਂ ਕਾਰਵਾਈ ਨਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਨਾਲ ਕਥਿਤ ਸੰਬੰਧ ਹੋਣ ਦੇ ਗੰਭੀਰ ਇਲਜ਼ਾਮ ਵੀ ਲੱਗੇ ਹਨ। ਇਹ ਕਾਰਵਾਈ ਏ. ਡੀ. ਸੀ. ਪੀ. ਸਿਟੀ-2 ਮਾਧਵੀ ਸ਼ਰਮਾ ਦੁਆਰਾ ਕੀਤੀ ਗਈ ਜਾਂਚ ਤੋਂ ਬਾਅਦ ਕੀਤੀ ਗਈ ਹੈ। ਜਾਂਚ ਦੌਰਾਨ ਐੱਸ. ਐੱਚ. ਓ. ਦੇ ਮੋਬਾਇਲ ਫੋਨ ਤੋਂ ਕੁਝ ਸ਼ੱਕੀ ਵਿਅਕਤੀਆਂ ਨਾਲ ਗੱਲਬਾਤ ਦਾ ਖ਼ੁਲਾਸਾ ਹੋਇਆ ਹੈ। ਇਕ ਵੱਖਰੀ ਰਿਪੋਰਟ ਤਿਆਰ ਕਰਕੇ ਉੱਚ ਪੁਲਸ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਏ. ਡੀ. ਸੀ. ਪੀ. ਮਾਧਵੀ ਸ਼ਰਮਾ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਇੰਸਪੈਕਟਰ ਜੈ ਇੰਦਰ ਸਿੰਘ ਦੇ ਮੋਬਾਇਲ ਫੋਨ ਦੀ ਜਾਂਚ ਕੀਤੀ ਗਈ, ਜਿਸ ‘ਚ ਕੁਝ ਵਿਅਕਤੀਆਂ ਨਾਲ ਗੱਲਬਾਤ ਦਾ ਖ਼ੁਲਾਸਾ ਹੋਇਆ, ਜਿਨ੍ਹਾਂ ਦੀਆਂ ਗਤੀਵਿਧੀਆਂ ਨੂੰ ਪੁਲਸ ਸ਼ੱਕੀ ਮੰਨਦੀ ਹੈ। ਸ਼ੱਕੀ ਲੋਕਾਂ ਨਾਲ ਇੰਸਪੈਕਟਰ ਦੇ ਸੰਪਰਕਾਂ ਬਾਰੇ ਹੁਣ ਹੋਰ ਜਾਂਚ ਕੀਤੀ ਜਾ ਰਹੀ ਹੈ। ਕਰੀਬ 9 ਮਹੀਨੇ ਪਹਿਲਾਂ ਜਲੰਧਰ ਦੇ ਬਸਤੀ ਬਾਵਾ ਖੇਲ ਅਧੀਨ ਆਉਂਦੇ ਇਕ ਇਲਾਕੇ ਵਿਚ ਬੱਸ ਡਰਾਈਵਰ ਨੇ ਆਪਣੀ ਧੀ ਦੀ ਸਹੇਲੀ ਨੂੰ ਘਰ ਬੁਲਾ ਕੇ ਉਸ ਦਾ ਜਬਰ-ਜ਼ਿਨਾਹ ਕਰਨ ਮਗਰੋਂ ਉਸ ਦਾ ਕਤਲ ਕਰ ਦਿੱਤਾ ਸੀ। ਬੱਚੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਲੋਕਾਂ ਨੇ ਬਸਤੀ ਬਾਵਾ ਖੇਲ ਥਾਣੇ ‘ਚ ਦਿੱਤੀ ਸੀ ਪਰ ਤਤਕਾਲੀ SHO ਜੈ ਇੰਦਰ ਖ਼ੁਦ ਮੌਕੇ ‘ਤੇ ਨਹੀਂ ਪਹੁੰਚੇ। ਉਨ੍ਹਾਂ ਵੱਲੋਂ ਭੇਜੇ ਗਏ ਦੋ ਪੁਲਸ ਮੁਲਾਜ਼ਮਾਂ ਨੇ ਘਰ ਦੀ ਤਲਾਸ਼ੀ ਲੈ ਕੇ ਦਾਅਵਾ ਕਰ ਦਿੱਤਾ ਕਿ ਬੱਚੀ ਉੱਥੇ ਨਹੀਂ ਹੈ। ਬਾਅਦ ‘ਚ ਜਦੋਂ ਲੋਕਾਂ ਨੇ ਆਪ ਗੇਟ ਖੋਲ੍ਹ ਕੇ ਵੇਖਿਆ ਤਾਂ ਬੱਚੀ ਦੀ ਲਾਸ਼ ਬਾਥਰੂਮ ਵਿੱਚੋਂ ਮਿਲੀ ਸੀ। ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਤਤਕਾਲੀ ਪੁਲਸ ਕਮਿਸ਼ਨਰ ਨੇ ਏ. ਐੱਸ. ਆਈ. (ASI) ਮੰਗਤਰਾਮ ਅਤੇ ਇਕ ਹੋਰ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਸੀ। ਕਰੀਬ 29 ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਮੌਜੂਦਗੀ ‘ਚ ਦੇਵੀ ਤਾਲਾਬ ਮੰਦਿਰ ਵਿਖੇ ਬਸਤੀ ਬਾਵਾ ਖੇਲ ਇਲਾਕੇ ਨਾਲ ਸਬੰਧਤ ਫਤਿਹ ਗੈਂਗ ਦੇ ਮੈਂਬਰਾਂ ਨੇ ਇੱਟਾਂ-ਪੱਥਰ ਚਲਾਏ ਸਨ। ਉਸ ਸਮੇਂ ਮੇਅਰ ਆਪਣੀ ਸ਼ੁਕਰਾਨਾ ਯਾਤਰਾ ਕੱਢ ਰਹੇ ਸਨ। ਇਸ ਦੌਰਾਨ ਫਤਿਹ ਗੈਂਗ ਅਤੇ ਭਾਣਾ ਗੈਂਗ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ ਸਨ। ਪੁਲਸ ਇਸ ਮਾਮਲੇ ‘ਚ ਫਤਿਹ ਗੈਂਗ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਨਾਕਾਮ ਰਹੀ। ਇਥੋਂ ਤੱਕ ਕਿ ਇਹ ਵੀ ਇਲਜ਼ਾਮ ਹਨ ਕਿ ਜਦੋਂ ਵੀ ਪੁਲਸ ਛਾਪੇਮਾਰੀ ਕਰਨ ਜਾਂਦੀ ਸੀ ਤਾਂ ਉਸ ਤੋਂ ਪਹਿਲਾਂ ਹੀ ਗੈਂਗ ਦੇ ਮੈਂਬਰਾਂ ਨੂੰ ਇਸ ਦੀ ਭਿਣਕ ਲੱਗ ਜਾਂਦੀ ਸੀ। ਇਨ੍ਹਾਂ ਸਾਰੇ ਵਿਵਾਦਾਂ ਅਤੇ ਕਾਰਵਾਈ ਨਾ ਕਰਨ ਦੇ ਦੋਸ਼ਾਂ ਦੇ ਚੱਲਦਿਆਂ ਐੱਸ. ਐੱਚ. ਓ. ਜੈ ਇੰਦਰ ‘ਤੇ ਇਹ ਵੱਡੀ ਕਾਰਵਾਈ ਕੀਤੀ ਗਈ ਹੈ।

