Jalandhar: Attack on police party going for raid! SI’s uniform torn
ਜਲੰਧਰ: ਰੇਡ ਕਰਨ ਗਈ ਪੁਲਸ ਪਾਰਟੀ ‘ਤੇ ਹਮਲਾ! SI ਦੀ ਪਾੜੀ ਵਰਦੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਘਰ ਵਿਚ ਰੇਡ ਕਰਨ ਗਈ ਪੁਲਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਐੱਸ. ਆਈ. ਦੀ ਵਰਦੀ ਤੱਕ ਵੀ ਪਾੜ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਘਰ ‘ਚ ਹੀ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਸਮੱਗਲਰ ਤਰਸੇਮ ਸਿੰਘ ਸੇਮਾ ਪੁੱਤਰ ਬੂਆ ਦਾਸ ਵਾਸੀ ਕਾਹਨ ਦਾਸ ਨਗਰ ਬਸਤੀ ਬਾਵਾ ਖੇਲ ਦੇ ਘਰ ਜਦੋਂ ਪੁਲਸ ਪਾਰਟੀ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਰੇਡ ਕਰਕੇ ਸੇਮਾ ਨੂੰ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਤਾਂ ਇਸੇ ਦੌਰਾਨ ਉਸ ਦੀ ਪਤਨੀ ਬੇਬੀ ਨੇ ਆਪਣੇ ਜਵਾਈ, ਧੀ ਅਤੇ ਕਪਿਲ ਸਮੇਤ 13-14 ਲੋਕਾਂ ਨੂੰ ਨਾਲ ਲੈ ਕੇ ਪੁਲਸ ਪਾਰਟੀ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਐੱਸ. ਆਈ. ਬਲਵਿੰਦਰ ਸਿੰਘ (ਡਿਊਟੀ ਅਫ਼ਸਰ) ਦੀ ਵਰਦੀ ਪਾਟ ਗਈ ਅਤੇ ਨੇਮ-ਪਲੇਟ ਵੀ ਟੁੱਟ ਗਈ। ਬੇਬੀ ਅਤੇ ਹੋਰ ਹਮਲਾਵਰ ਸੇਮਾ ਨੂੰ ਪੁਲਸ ਤੋਂ ਛੁਡਵਾ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਦਿਆਲ ਹੀਰਾ ਨੇ ਦੱਸਿਆ ਕਿ ਪੁਲਸ ਨੇ ਐੱਸ. ਆਈ. ਬਲਵਿੰਦਰ ਸਿੰਘ ਦੇ ਬਿਆਨਾਂ ’ਤੇ ਸੇਮਾ ਦੀ ਪਤਨੀ ਬੇਬੀ ਸਮੇਤ 18 ਲੋਕਾਂ ਖ਼ਿਲਾਫ਼ ਧਾਰਾ 132, 221, 191 (2), 190 ਅਤੇ 238 ਤਹਿਤ ਥਾਣਾ ਬਸਤੀ ਬਾਵਾ ਖੇਲ ਵਿਚ 253 ਨੰਬਰ ਐੱਫ਼. ਆਈ. ਆਰ. ਦਰਜ ਕਰਨ ਤੋਂ ਬਾਅਦ ਫ਼ਰਾਰ ਦੋਸ਼ੀਆਂ ਦੀ ਭਾਲ ਵਿਚ ਰੇਡ ਕਰਨੀ ਸ਼ੁਰੂ ਕੀਤੀ, ਜਿਸ ਤਹਿਤ ਸੇਮਾ ਦੀ ਪਤਨੀ ਬੇਬੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਉਸ ਦੀ ਸਿਹਤ ਖ਼ਰਾਬ ਹੋ ਜਾਣ ਕਾਰਨ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਮਗਰੋਂ ਫਿਰ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੱਜ ਸਾਹਿਬ ਦੇ ਹੁਕਮਾਂ ’ਤੇ ਉਸ ਨੂੰ ਸੈਂਟਰਲ ਜੇਲ ਕਪੂਰਥਲਾ ਵਿਚ ਬੰਦ ਕਰਵਾ ਦਿੱਤਾ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਐੱਸ. ਆਈ. ਬਲਵਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਿੱਤੇ ਸਨ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਦੇ ਸਬੰਧ ਵਿਚ ਬਾਬਾ ਬੁੱਢਾ ਜੀ ਪੁਲ ਬਸਤੀ ਬਾਵਾ ਖੇਲ ਮੌਜੂਦ ਸਨ। ਆਬਕਾਰੀ ਇੰਸਪੈਕਟਰ ਮਨਜੀਤ ਸਿੰਘ (ਸਰਕਲ ਬਸਤੀਆਂ ਜਲੰਧਰ ਰੇਂਜ-2) ਨੇ ਆ ਕੇ ਸੂਚਨਾ ਦਿੱਤੀ ਕਿ ਸੇਮਾ ਆਪਣੇ ਘਰ ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਅਤੇ ਜੇਕਰ ਉੱਥੇ ਰੇਡ ਕੀਤੀ ਜਾਵੇ ਤਾਂ ਉਸ ਨੂੰ ਸ਼ਰਾਬ ਸਮੇਤ ਫੜਿਆ ਜਾ ਸਕਦਾ ਹੈ। ਪੁਲਸ ਨੇ ਆਬਕਾਰੀ ਟੀਮ ਨਾਲ ਰੇਡ ਕਰਕੇ ਸੇਮਾ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈ ਅਤੇ ਜਦੋਂ ਉਸ ਨੂੰ ਲੈ ਕੇ ਜਾਣ ਲੱਗੇ ਤਾਂ ਉਸ ਦੀ ਪਤਨੀ ਬੇਬੀ ਤੇ ਹੋਰਨਾਂ ਵੱਲੋਂ ਪੁਲਸ ਪਾਰਟੀ ’ਤੇ ਹਮਲਾ ਕਰਕੇ ਸੇਮਾ ਨੂੰ ਛੁਡਵਾ ਲਿਆ ਗਿਆ ਅਤੇ ਪੁਲਸ ਵੱਲੋਂ ਬਰਾਮਦ ਕੀਤੀ ਗਈ ਨਾਜਾਇਜ਼ ਸ਼ਰਾਬ ਨੂੰ ਵੀ ਖ਼ੁਰਦ-ਬੁਰਦ ਕਰ ਦਿੱਤਾ ਗਿਆ। ਤਰਸੇਮ ਸਿੰਘ ਸੇਮਾ ਖ਼ਿਲਾਫ਼ ਪੁਲਸ ਵੱਲੋਂ ਥਾਣਾ ਬਸਤੀ ਬਾਵਾ ਖੇਲ ਵਿਚ 61/1/14 ਐਕਸਾਈਜ਼ ਐਕਟ ਤਹਿਤ 252 ਨੰਬਰ ਐੱਫ਼. ਆਈ. ਆਰ. ਵੱਖਰੇ ਤੌਰ ’ਤੇ ਵੀ ਦਰਜ ਕੀਤੀ ਗਈ ਹੈ।

