Nepali boy, who was travelling in a bus from Jalandhar to Delhi, goes missing under suspicious circumstances, no trace found even after 15 days
ਜਲੰਧਰ ਤੋਂ ਦਿੱਲੀ ਜਾਣ ਲਈ ਬੱਸ ’ਚ ਬੈਠਾ ਨੇਪਾਲੀ ਮੁੰਡਾ ਸ਼ੱਕੀ ਹਾਲਾਤ ’ਚ ਗ਼ਾਇਬ, 15 ਦਿਨਾਂ ਪਿੱਛੋਂ ਵੀ ਨਾ ਲੱਗਾ ਸੁਰਾਗ
ਜਲੰਧਰ (ਆਵਾਜ਼ਿ ਕੌਮ ਬਿਊਰੋ)-15 ਅਗਸਤ ਨੂੰ ਜਲੰਧਰ ਦੇ ਬੱਸ ਅੱਡੇ ਤੋਂ ਬੱਸ ਰਾਹੀਂ ਦਿੱਲੀ ਜਾਣ ਲਈ ਰਵਾਨਾ ਹੋਇਆ ਨੇਪਾਲੀ ਨੌਜਵਾਨ ਸ਼ੱਕੀ ਹਾਲਾਤ ਵਿਚ ਗਾਇਬ ਹੋ ਗਿਆ। ਦਿੱਲੀ ਨਾ ਪਹੁੰਚਣ ’ਤੇ ਨੌਜਵਾਨ ਦੇ ਪਿਤਾ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਬੱਸ ਤਾਂ ਦਿੱਲੀ ਦੇ ਕਸ਼ਮੀਰੀ ਗੇਟ ਪਹੁੰਚੀ ਪਰ ਉਸ ਵਿਚੋਂ ਉਸ ਦਾ ਬੇਟਾ ਨਹੀਂ ਉਤਰਿਆ। ਕਾਫੀ ਭਾਲ ਕਰਨ ਤੋਂ ਬਾਅਦ ਜਲੰਧਰ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ। ਜਾਣਕਾਰੀ ਦਿੰਦਿਆਂ ਬਹਾਦੁਰ ਸਿੰਘ ਵਾਸੀ ਨੇਪਾਲ, ਹਾਲ ਵਾਸੀ ਦੌਲਤਪੁਰ ਨੇ ਦੱਸਿਆ ਕਿ ਉਸ ਦਾ ਭਤੀਜਾ ਨੀਰਜ ਉਸ ਨਾਲ ਚੱਪਲਾਂ ਦੀ ਫੈਕਟਰੀ ਵਿਚ ਕੰਮ ਕਰਦਾ ਸੀ। ਉਹ ਵੀ ਮੂਲ ਰੂਪ ਵਿਚ ਨੇਪਾਲ ਦਾ ਹੈ ਪਰ ਉਸ ਦੇ ਮਾਤਾ-ਪਿਤਾ ਗੁਰੂਗ੍ਰਾਮ ਰਹਿੰਦੇ ਹਨ। ਬਹਾਦੁਰ ਸਿੰਘ ਅਨੁਸਾਰ 15 ਅਗਸਤ ਨੂੰ ਉਸ ਦੇ ਭਤੀਜੇ ਨੇ ਜਲੰਧਰ ਦੇ ਬੱਸ ਸਟੈਂਡ ਤੋਂ ਦਿੱਲੀ ਦੀ ਬੱਸ ਫੜੀ ਸੀ ਅਤੇ ਉਸ ਨੇ ਕਸ਼ਮੀਰੀ ਗੇਟ ਉਤਰਨਾ ਸੀ ਪਰ ਬੱਸ ਸਮੇਂ ਸਿਰ ਦਿੱਲੀ ਪਹੁੰਚ ਗਈ ਪਰ ਉਸ ਦਾ ਭਤੀਜਾ ਨਹੀਂ ਮਿਲਿਆ। ਨੀਰਜ ਦੇ ਪਿਤਾ ਪ੍ਰਿਥੀਮਲ ਨੇ ਬੇਟੇ ਦੀ ਕਾਫੀ ਭਾਲ ਕੀਤੀ ਅਤੇ ਕਸ਼ਮੀਰੀ ਗੇਟ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕਰਵਾਏ ਪਰ ਉਸ ਦਾ ਬੇਟਾ ਬੱਸ ’ਚੋਂ ਉਤਰਦਾ ਦਿਖਾਈ ਨਹੀਂ ਦਿੱਤਾ। ਇਸ ਸਬੰਧੀ ਜਲੰਧਰ ਪੁਲਸ ਨੂੰ ਸੂਚਨਾ ਿਦੱਤੀ ਗਈ ਪਰ ਪੁਲਸ ਨੇ ਬੱਸ ਸਟੈਂਡ ਦੇ ਕੈਮਰੇ ਚੈੱਕ ਨਹੀਂ ਕੀਤੇ ਪਰ ਜਦੋਂ ਕਾਫੀ ਦਿਨਾਂ ਬਾਅਦ ਚੈੱਕ ਕੀਤੇ ਤਾਂ ਉਦੋਂ ਤੱਕ 15 ਅਗਸਤ ਦੀ ਫੁਟੇਜ ਡਿਲੀਟ ਹੋ ਚੁੱਕੀ ਸੀ। 15 ਦਿਨਾਂ ਤੋਂ ਬਾਅਦ ਵੀ ਨੀਰਜ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਉਸ ਦੇ ਬੇਟੇ ਨੂੰ ਲੱਭਣ ਦੀ ਗੁਹਾਰ ਲਗਾਈ ਹੈ।

