Manipur shaken by explosion: Grenade thrown at Congress MLA’s house, panic spreads in the area
ਧਮਾਕੇ ਨਾਲ ਕੰਬਿਆ ਮਣੀਪੁਰ: ਕਾਂਗਰਸੀ ਵਿਧਾਇਕ ਦੇ ਘਰ ‘ਤੇ ਸੁੱਟਿਆ ਗ੍ਰੇਨੇਡ, ਇਲਾਕੇ ‘ਚ ਫੈਲੀ ਦਹਿਸ਼ਤ
ਇੰਫਾਲ (ਆਵਾਜ਼ਿ ਕੌਮ ਬਿਊਰੋ)- ਮਣੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਨੂੰ ਕਾਂਗਰਸ ਵਿਧਾਇਕ ਦਲ (CLP) ਦੇ ਨੇਤਾ ਕੇ. ਮੇਘਚੰਦਰ ਸਿੰਘ ਦੇ ਨਿਵਾਸ ਸਥਾਨ ਦੇ ਬਾਹਰ ਇਕ ਜ਼ੋਰਦਾਰ ਧਮਾਕਾ ਹੋਣ ਨਾਲ ਹਫੜਾ-ਦਫੜੀ ਮਚ ਗਈ। ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਦੇ ਗੇਟ ਕੋਲ ਵਿਸਫੋਟਕ ਸੁੱਟ ਕੇ ਇਹ ਧਮਾਕਾ ਕੀਤਾ ਗਿਆ। ਪੁਲਸ ਦੀ ਮੁੱਢਲੀ ਜਾਂਚ ਦੇ ਆਧਾਰ ‘ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਗ੍ਰੇਨੇਡ ਦੀ ਵਰਤੋਂ ਕੀਤੀ ਗਈ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਮਾਕੇ ਦੇ ਸਮੇਂ ਕਾਂਗਰਸੀ ਆਗੂ ਕੇ. ਮੇਘਚੰਦਰ ਆਪਣੇ ਨਿਵਾਸ ਸਥਾਨ ‘ਤੇ ਮੌਜੂਦ ਨਹੀਂ ਸਨ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ। ਪੁਲਸ ਮੁਤਾਬਕ ਇਹ ਧਮਾਕਾ ਵੀਰਵਾਰ ਰਾਤ ਕਰੀਬ 10:15 ਵਜੇ ਵਾਂਗਖੇਮ ਵਿਧਾਨ ਸਭਾ ਹਲਕੇ ਦੇ ਯਾਇਰੀਪੋਕ ਬਿਸ਼ਨੂ ਨਾਹਾ ਇਲਾਕੇ ਵਿੱਚ ਹੋਇਆ। ਇਹ ਧਮਾਕਾ ਕੇ. ਮੇਘਚੰਦਰ ਦੇ ਘਰ ਦੀ ਬਾਹਰੀ ਕੰਧ ਅਤੇ ਗੇਟ ਦੇ ਬਿਲਕੁਲ ਨੇੜੇ ਹੋਇਆ। ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਅਤੇ ਸੁਰੱਖਿਆ ਬਲਾਂ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਘਟਨਾ ਸਥਾਨ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਹੈ। ਪੁਲਸ ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਵਿਸਫੋਟਕ ਕਿਸ ਵੱਲੋਂ ਸੁੱਟਿਆ ਗਿਆ ਸੀ ਅਤੇ ਹਮਲੇ ਵਿੱਚ ਕਿਸ ਤਰ੍ਹਾਂ ਦੇ ਹਥਿਆਰ ਜਾਂ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਕੇ. ਮੇਘਚੰਦਰ ਦੇ ਜਨਸੰਪਰਕ ਅਧਿਕਾਰੀ (PRO) ਟੀ. ਇਬੋਚੌਬਾ ਨੇ ਦੱਸਿਆ ਕਿ ਫਿਲਹਾਲ ਹਮਲਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਹਮਲੇ ਪਿੱਛੇ ਉਨ੍ਹਾਂ ਦੇ ਮਕਸਦ ਦਾ ਪਤਾ ਲੱਗ ਸਕਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਸਥਾਨ ਤੋਂ ਅਹਿਮ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵੀ ਸਖ਼ਤ ਕਰ ਦਿੱਤੇ ਗਏ ਹਨ। ਪੁਲਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਮਲਾ ਖ਼ਾਸ ਤੌਰ ‘ਤੇ ਕਾਂਗਰਸੀ ਆਗੂ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ।

