Punjab: Robbers enter college at midnight, tie up watchman, then what happened
ਪੰਜਾਬ: ਅੱਧੀ ਰਾਤ ਕਾਲਜ ‘ਚ ਵੜ ਆਏ ਲੁਟੇਰੇ, ਬੰਨ੍ਹ ਲਿਆ ਚੌਕੀਦਾਰ, ਫਿਰ ਹੋਇਆ
ਨਡਾਲਾ (ਆਵਾਜ਼ਿ ਕੌਮ ਬਿਊਰੋ)-ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਬੀਤੀ ਦੇਰ ਰਾਤ ਚਾਰ ਹਥਿਆਰਬੰਦ ਲੁਟੇਰਿਆਂ ਵੱਲੋਂ ਕਾਲਜ ਅੰਦਰ ਦਾਖ਼ਲ ਹੋ ਕੇ ਚੌਂਕੀਦਾਰ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਬੰਨ੍ਹ ਕੇ ਕਾਲਜ ਦੇ ਵੱਖ-ਵੱਖ ਕਮਰਿਆਂ ਦੀ ਫੋਲਾ-ਫਰਾਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਟੇਰੇ ਕਾਲਜ ਵਿਚੋਂ ਤਕਰੀਬਨ 20 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਕਾਲਜ ਦੇ ਦਫ਼ਤਰ ਨਿਗਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਸਵੇਰੇ ਉਸ ਸਮੇਂ ਲੱਗਾ, ਜਦੋਂ ਬੱਸ ਡਰਾਈਵਰ ਕਾਲਜ ਵਿਚ ਬੱਸ ਲੈਣ ਲਈ ਪਹੁੰਚਿਆ। ਚੌਂਕੀਦਾਰ ਵੱਲੋਂ ਅੰਦਰੋਂ ਗੇਟ ਨਾ ਖੋਲ੍ਹਣ ’ਤੇ ਉਹ ਦੂਜੇ ਰਸਤੇ ਰਾਹੀਂ ਅੰਦਰ ਗਿਆ ਤਾਂ ਦੇਖਿਆ ਕਿ ਚੌਂਕੀਦਾਰ ਰਾਜੂ ਯਾਦਵ ਨੂੰ ਕਮਰੇ ਵਿਚ ਬੰਨ੍ਹਿਆ ਹੋਇਆ ਸੀ ਅਤੇ ਉਸ ਦੇ ਸਰੀਰ ’ਤੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ। ਦੱਸਿਆ ਗਿਆ ਕਿ ਰਾਜੂ ਯਾਦਵ ਆਪਣੇ ਪਿਤਾ ਸਮੇਤ ਕਾਲਜ ਵਿਚ ਸੁੱਤਾ ਹੋਇਆ ਸੀ। ਗੰਭੀਰ ਸੱਟਾਂ ਕਾਰਨ ਉਸ ਨੂੰ ਸਿਵਲ ਹਸਪਤਾਲ ਭੁਲੱਥ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਚੋਕੀਦਾਰ ਦਾ ਦੂਜਾ ਸਾਥੀ ਸੁਖਦੇਵ ਸਿੰਘ ਛੁੱਟੀ ’ਤੇ ਸੀ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੇ ਕਮਰਿਆਂ ਦੀ ਜਾਂਚ ਕਰਨ ’ਤੇ ਸਾਮਾਨ ਖਿੱਲਰਿਆ ਹੋਇਆ ਮਿਲਿਆ ਅਤੇ ਕਾਲਜ ਵਿਚ ਮੌਜੂਦ ਕਰੀਬ 20 ਹਜ਼ਾਰ ਰੁਪਏ ਦੀ ਨਕਦੀ ਗਾਇਬ ਪਾਈ ਗਈ। ਚਾਰੋਂ ਲੁਟੇਰੇ ਕੈਮਰਿਆਂ ਵਿਚ ਕੈਦ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਨਡਾਲਾ ਪੁਲਸ ਟੀਮ, ਫੋਰੈਂਸਿਕ ਟੀਮ ਅਤੇ ਡਾਗ ਸਕੁਐਡ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁਟੇਜ ਸਮੇਤ ਹੋਰ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।

