Water accumulated in Nepal’s Chamelia river, alert issued in Pithoragarh
ਨੇਪਾਲ ਦੀ ਚਮੇਲੀਆ ਨਦੀ ’ਚ ਜਮ੍ਹਾ ਹੋਇਆ ਪਾਣੀ, ਪਿਥੌਰਾਗੜ੍ਹ ’ਚ ਅਲਰਟ ਜਾਰੀ
ਪਿਥੌਰਾਗੜ੍ਹ (ਆਵਾਜ਼ਿ ਕੌਮ ਬਿਊਰੋ)-ਉੱਤਰਾਖੰਡ ’ਚ ਪਿਥੌਰਾਗੜ੍ਹ ਜ਼ਿਲਾ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਕਾਰਨ ਨੇਪਾਲ ਦੀ ਚਮੇਲੀਆ ਨਦੀ ’ਚ ਪਾਣੀ ਇਕੱਠਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਝੂਲਾਘਾਟ ਖੇਤਰ ’ਚ ਕਾਲੀ ਨਦੀ ਦੇ ਆਸ-ਪਾਸ ਦੇ ਖੇਤਰਾਂ ’ਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਨਦੀ ਦੇ ਨੇੜੇ ਨਾ ਜਾਣ ਦਾ ਹੁਕਮ ਦਿੱਤਾ ਹੈ। ਪਿਥੌਰਾਗੜ੍ਹ ਦੇ ਜ਼ਿਲਾ ਆਫਤ ਪ੍ਰਬੰਧਨ ਅਧਿਕਾਰੀ ਭੂਪੇਂਦਰ ਸਿੰਘ ਮਹਰ ਨੇ ਇੱਥੇ ਦੱਸਿਆ ਕਿ ਪਿਥੌਰਾਗੜ੍ਹ ਦੇ ਗੇਥੀਗੜਾ ਪਿੰਡ ’ਚ ਕਾਲੀ ਨਦੀ ਨਾਲ ਮਿਲਣ ਵਾਲੀ ਚਮੇਲੀਆ ਨਦੀ ’ਚ ਭਾਰੀ ਜ਼ਮੀਨ ਖਿਸਕਣ ਕਾਰਨ ਉਸ ਦਾ ਜਲਪ੍ਰਵਾਹ ਰੁਕਣ ਅਤੇ ਭਾਰੀ ਮਾਤਰਾ ’ਚ ਪਾਣੀ ਜਮ੍ਹਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਇਹ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੇਪਾਲ ਦੇ ਬੈਤੜੀ ਅਤੇ ਦਾਰਚੁਲਾ ਜ਼ਿਲਿਆਂ ਦੇ ਮੁੱਖ ਜ਼ਿਲਾ ਅਧਿਕਾਰੀਆਂ ਵੱਲੋਂ ਇਸ ਸਬੰਧੀ ਸੂਚਨਾ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਖੇਤਰ ’ਚ ਕਾਲੀ ਨਦੀ ਦਾ ਪਾਣੀ ਦਾ ਪੱਧਰ ਫਿਲਹਾਲ ਆਮ ਹੈ ਪਰ ਅਸੀਂ ਨਦੀ ਦੇ ਨੇੜੇ ਵਸੇ ਪਿੰਡਾਂ ’ਚ ਅਲਰਟ ਜਾਰੀ ਕਰ ਦਿੱਤਾ ਹੈ। ਅਸੀਂ ਨਦੀ ਦੇ ਪਾਣੀ ਦੇ ਪੱਧਰ ’ਚ ਵਾਧੇ ਦੀ ਸੰਭਾਵਨਾ ਦੇ ਮੱਦੇਨਜ਼ਰ ਹਥਿਆਰਬੰਦ ਸਰਹੱਦੀ ਫੋਰਸ ਅਤੇ ਭਾਰਤ-ਤਿੱਬਤ ਸਰਹੱਦ ਪੁਲਸ ਤੋਂ ਵੀ ਮਦਦ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ।

