Cloudburst damages hydroelectric project in Himachal
ਹਿਮਾਚਲ ’ਚ ਬੱਦਲ ਫਟਣ ਨਾਲ ਪਣ ਬਿਜਲੀ ਪ੍ਰਾਜੈਕਟ ਨੂੰ ਨੁਕਸਾਨ
ਰਾਮਪੁਰ ਬੁਸ਼ਹਿਰ (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਦੇ ਉਪ-ਮੰਡਲ ਰਾਮਪੁਰ ਦੇ ਅਧੀਨ ਪੈਂਦੇ ਪਿੰਡ ਕਾਸ਼ਾਪਾਟ ’ਚ ਬੱਦਲ ਫਟਣ ਨਾਲ ਗੰਗਧਾਰੀ ਪਣ ਬਿਜਲੀ ਪ੍ਰਾਜੈਕਟ ਨੂੰ ਭਾਰੀ ਨੁਕਸਾਨ ਹੋਇਆ ਹੈ। ਖੇਤਰ ’ਚ ਬੱਦਲ ਫਟਣ ਨਾਲ ਨੋਗਲੀ ਖੱਡ ’ਚ ਵੇਖਦਿਆਂ ਹੀ ਵੇਖਦਿਆਂ ਪਾਣੀ ਦਾ ਪੱਧਰ ਵਧ ਗਿਆ ਤੇ ਹੜ੍ਹ ਦੀ ਸਥਿਤੀ ਬਣ ਗਈ। ਇਸ ਨਾਲ ਖੱਡ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਚਾਨਕ ਹੜ੍ਹ ਆਉਣ ਦੇ ਕਾਰਨ ਨੁਕਸਾਨ ਪਹੁੰਚਿਆ ਹੈ। ਭਾਰੀ ਹੜ੍ਹ ਦੇ ਤੇਜ਼ ਵਹਾਅ ਦੀ ਲਪੇਟ ’ਚ ਆਉਣ ਨਾਲ ਇੰਟੈੱਕ ਦੇ ਸਿਵਲ ਢਾਂਚੇ ਵੀ ਨੁਕਸਾਨੇ ਹਨ। ਇਸ ਤੋਂ ਇਲਾਵਾ ਪ੍ਰਾਜੈਕਟ ਦੇ ਡਾਊਨਸਟ੍ਰੀਮ ਰਾਫਟ ਅਤੇ ਬਾਟਮ ਕਨਵੇਅੰਸ ਚੈਨਲ ਨੂੰ ਨੁਕਸਾਨ ਪਹੁੰਚਿਆ ਹੈ। ਉੱਥੇ ਹੀ, ਬਾਟਮ ਕਨਵੇਅੰਸ ਚੈਨਲ ਦੇ ਤਲ ’ਚ ਵੀ ਭਾਰੀ ਕਟਾਅ ਹੋਇਆ ਹੈ। ਪ੍ਰਾਜੈਕਟ ਪ੍ਰਬੰਧਨ ਤੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਹਾਲਾਂਕਿ, ਇਸ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਨਾਇਬ ਤਹਿਸੀਲਦਾਰ ਤਕਲੇਚ ਅਨਮੋਲ ਸ਼ਰਮਾ ਨੇ ਦੱਸਿਆ ਕਿ ਮਾਲ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਸ਼ਾਪਾਟ ਨਾਲੇ ’ਚ ਫਲੈਸ਼ ਫਲੱਡ ਨਾਲ ਜਾਨੀ ਨੁਕਸਾਨ ਨਹੀਂ ਹੋਇਆ ਹੈ।

