‘Incorrect map of Jammu and Kashmir and Ladakh is not acceptable’, India’s clear message to the UN on the new map of the world
‘ਜੰਮੂ-ਕਸ਼ਮੀਰ ਤੇ ਲੱਦਾਖ ਦਾ ਗਲਤ ਨਕਸ਼ਾ ਮਨਜ਼ੂਰ ਨਹੀਂ’, ਦੁਨੀਆ ਦੇ ਨਵੇਂ ਨਕਸ਼ੇ ’ਤੇ ਭਾਰਤ ਦਾ UN ਨੂੰ ਸਪੱਸ਼ਟ ਸੁਨੇਹਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤ ਨੇ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਬਰਾਬਰ ਖੇਤਰਫਲ ਵਾਲੇ ਗਲੋਬਲ ਮੈਪ ਦੇ ਸਮਰਥਨ ’ਚ ਵੋਟਿੰਗ ਤਾਂ ਕੀਤੀ ਹੈ ਪਰ ਇਸ ਦੇ ਨਾਲ ਹੀ ਵਿਦੇਸ਼ ਮੰਤਰਾਲਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਪ੍ਰਸਤਾਵ ਕਿਸੇ ਵਿਸ਼ੇਸ਼ ਨਕਸ਼ੇ ਦਾ ਸਮਰਥਨ ਨਹੀਂ ਕਰਦਾ ਹੈ ਅਤੇ ਭਾਰਤ ਦੇ ਪ੍ਰਭੂਸੱਤਾ ਖੇਤਰ ਨੂੰ ਉਸ ਦੇ ਅਧਿਕਾਰਤ ਨਕਸ਼ੇ ਅਨੁਸਾਰ ਹੀ ਦਰਸਾਇਆ ਜਾਣਾ ਚਾਹੀਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਅਨੁਸਾਰ, ‘‘ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਭਾਰਤ ਦੇ ਪ੍ਰਭੂਸੱਤਾ ਖੇਤਰ ਨੂੰ ਦੇਸ਼ ਦੇ ਅਧਿਕਾਰਤਕ ਨਕਸ਼ੇ ਅਨੁਸਾਰ ਹੀ ਦਰਸਾਇਆ ਜਾਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦਾ ਗਲਤ ਜਾਂ ਗੁੰਮਰਾਹਕੁੰਨ ਚਿਤਰਣ ਮਨਜ਼ੂਰ ਨਹੀਂ ਹੈ। ਭਾਰਤ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ’ਤੇ ਸਾਡਾ ਰੁਖ ਸਪੱਸ਼ਟ, ਇਕਸਾਰ ਅਤੇ ਅਟੱਲ ਹੈ।’’ ਭਾਰਤ ਨੇ ਮਹਾਦੀਪਾਂ ਦੇ ਹਿੱਸਿਆਂ ਨੂੰ ‘ਬਹੁਤ ਸਟੀਕਤਾ ਨਾਲ ਪ੍ਰਦਰਸ਼ਿਤ’ ਕਰਨ ਦੇ ਮਕਸਦ ਨਾਲ ਵਿਸ਼ਵ ਨਕਸ਼ੇ ’ਚ ਸੁਧਾਰ ਨਾਲ ਜੁੜੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਕ ਪ੍ਰਸਤਾਵ ਦੇ ਪੱਖ ’ਚ ਵੋਟਿੰਗ ਕੀਤੀ, ਜਿਸ ਤੋਂ 2 ਦਿਨ ਬਾਅਦ ਵਿਦੇਸ਼ ਮੰਤਰਾਲਾ ਨੇ ਇਹ ਬਿਆਨ ਦਿੱਤਾ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 193 ਮੈਂਬਰਾਂ ਨੇ ‘ਨਕਸ਼ੇ ’ਚ ਸੁਧਾਰ: ਗਲੋਬਲ ਮੈਪਿੰਗ ਪ੍ਰਤੀਨਿਧਤਾ ’ਚ ਸੰਤੁਲਨ ਕਾਇਮ ਕਰਨਾ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ, ਵਿਸ਼ੇਸ਼ ਤੌਰ ’ਤੇ ਅਫਰੀਕਾ ਦੀ ਬਰਾਬਰ ਪ੍ਰਤੀਨਿਧਤਾ ਯਕੀਨੀ ਬਣਾਉਣਾ’ ਸਿਰਲੇਖ ਵਾਲੇ ਪ੍ਰਸਤਾਵ ਨੂੰ ਸ਼ੁੱਕਰਵਾਰ ਨੂੰ ਭਾਰੀ ਬਹੁਮਤ ਨਾਲ ਪਾਸ ਕੀਤਾ ਸੀ।

