Cardamom was given to a cockroach that had come out of the food! Restaurant owners beat up the customer when he complained
ਖਾਣੇ ‘ਚੋਂ ਨਿਕਲੇ ਕਾਕਰੋਚ ਨੂੰ ਦੱਸ’ਤਾ ਇਲਾਇਚੀ ! ਕੀਤੀ ਸ਼ਿਕਾਇਤ ਤਾਂ ਰੈਸਟੋਰੈਂਟ ਮਾਲਕਾਂ ਨੇ ਕੁੱਟ’ਤਾ ਗਾਹਕ
ਜੈਪੁਰ (ਆਵਾਜ਼ਿ ਕੌਮ ਬਿਊਰੋ)-ਅਹਿਮਦਾਬਾਦ ਤੋਂ ਉਦੈਪੁਰ ਘੁੰਮਣ ਪਹੁੰਚੇ ਇਕ ਸੈਲਾਨੀ ਵੱਲੋਂ ਖਾਣੇ ’ਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੇ ਜਾਣ ’ਤੇ ਰੈਸਟੋਰੈਂਟ ਦੇ ਸੰਚਾਲਕ ਅਤੇ ਕਰਮਚਾਰੀਆਂ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਸ਼ਨੀਵਾਰ ਨੂੰ ਧਾਨਮੰਡੀ ਥਾਣਾ ਖੇਤਰ ’ਚ ਦਿੱਲੀ ਗੇਟ ਚੌਕ ਦੇ ਨੇੜੇ ਸਥਿਤ ਮੀਰਾ ਰੈਸਟੋਰੈਂਟ ’ਚ ਵਾਪਰੀ। ਪੁਲਸ ਅਨੁਸਾਰ, 35 ਸਾਲਾ ਸੈਲਾਨੀ ਜਯੇਸ਼ ਪਟੇਲ ਦੇ ਚਿਹਰੇ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਮਹਾਰਾਣਾ ਭੂਪਾਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਧਾਨਮੰਡੀ ਥਾਣੇ ਦੇ ਇੰਚਾਰਜ ਗਜਵੀਰ ਸਿੰਘ ਨੇ ਦੱਸਿਆ ਕਿ ਜਯੇਸ਼ ਆਪਣੇ ਪਰਿਵਾਰ ਨਾਲ ਰੈਸਟੋਰੈਂਟ ਗਏ ਸਨ ਅਤੇ ਉੱਥੇ ਉਨ੍ਹਾਂ ਦੇ ਪਰਿਵਾਰ ਨੇ ਖਾਣੇ ’ਚ ਕਾਕਰੋਚ ਮਿਲਣ ਦੀ ਸ਼ਿਕਾਇਤ ਕੀਤੀ। ਦੋਸ਼ ਹੈ ਕਿ ਰੈਸਟੋਰੈਂਟ ਕਰਮਚਾਰੀਆਂ ਨੇ ਇਸ ਨੂੰ ਵੱਡੀ ਇਲਾਇਚੀ ਦੱਸਦਿਆਂ ਕਿਹਾ ਕਿ ਉਹ ਇਸ ਨੂੰ ਰਸੋਈ ’ਚ ਧੋ ਕੇ ਵਿਖਾ ਦੇਣਗੇ। ਪੁਲਸ ਮੁਤਾਬਕ, ਪਟੇਲ ਨੇ ਇਸ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਵਸਤੂ ਨੂੰ ਰਸੋਈ ’ਚ ਲਿਜਾਣ ਨਾਲ ਕਥਿਤ ਕਾਕਰੋਚ ਦੇ ਸਬੂਤ ਨਸ਼ਟ ਹੋ ਸਕਦੇ ਹਨ। ਇਸ ਤੋਂ ਬਾਅਦ ਵਿਵਾਦ ਹੋ ਗਿਆ ਅਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਰੈਸਟੋਰੈਂਟ ਸੰਚਾਲਕ ਨੇ ਪਟੇਲ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਨ੍ਹਾਂ ਦੇ ਚਿਹਰੇ ’ਤੇ ਸੱਟ ਲੱਗੀ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਮੌਕੇ ’ਤੇ ਇਕ ਪੁਲਸ ਮੁਲਾਜ਼ਮ ਮੌਜੂਦ ਵਿਖਾਈ ਦੇ ਰਿਹਾ ਹੈ। ਦੋਸ਼ ਹੈ ਕਿ ਉਸ ਨੇ ਕੁੱਟਮਾਰ ਰੋਕਣ ਦਾ ਯਤਨ ਨਹੀਂ ਕੀਤਾ। ਪੁਲਸ ਨੇ ਦੱਸਿਆ ਕਿ ਦੋਹਾਂ ਧਿਰਾਂ ਵੱਲੋਂ ਇਕ-ਦੂਜੇ ਦੇ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

