Amazing feat! Hanuman’s vote in Kota, photo included in voter list
ਗਜ਼ਬ ਕਾਰਨਾਮਾ! ਕੋਟਾ ’ਚ ਹਨੂਮਾਨ ਦੀ ਬਣੀ ਵੋਟ, ਵੋਟਰ ਲਿਸਟ ’ਚ ਲੱਗੀ ਫੋਟੋ
ਕੋਟਾ (ਆਵਾਜ਼ਿ ਕੌਮ ਬਿਊਰੋ)-ਨਗਰ ਨਿਗਮ ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਉਵੇਂ ਹੀ ਚੋਣਾਂ ਨੂੰ ਲੈ ਕੇ ਉਤਸ਼ਾਹ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਵਾਰਡ ਨੰਬਰ 29 ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਵੋਟਰ ਲਿਸਟ ’ਚ ਇਕ ਨਾਂ ਦੇ ਅੱਗੇ ਹਨੂਮਾਨ ਜੀ ਦੀ ਫੋਟੋ ਲੱਗੀ ਹੈ। ਹਾਲਾਂਕਿ, ਵੋਟਰ ਲਿਸਟ ਅਨੁਸਾਰ ਵੋਟਰ ਦਾ ਨਾਂ ਜਗਦੀਸ਼ ਪੁੱਤਰ ਰਾਮਚੰਦਰ ਹੈ। ਉਸ ਦਾ ਘਰ ਵੀ ਪ੍ਰੇਮ ਨਗਰ ਇਲਾਕੇ ’ਚ ਦੱਸਿਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਇਸ ਦੀ ਚਰਚਾ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪਤਾ ਲੱਗਣ ਦੇ ਬਾਵਜੂਦ ਇੱਥੋਂ ਦੇ ਬੀ. ਐੱਲ. ਓ. 10 ਦਿਨ ਬਾਅਦ ਵੀ ਜਗਦੀਸ਼ ਨਾਮ ਦੇ ਵਿਅਕਤੀ ਦੀ ਤਲਾਸ਼ ਨਹੀਂ ਕਰ ਸਕੀ। ਇਸ ਮਾਮਲੇ ਦੇ ਸਬੰਧ ਵਿਚ ਬੀ. ਐੱਲ. ਓ. ਦਾ ਕਹਿਣਾ ਹੈ ਕਿ ਜਗਦੀਸ਼ ਦਾ ਨਾਂ ਉਸ ਨੇ ਨਹੀਂ ਜੋੜਿਆ ਹੈ। ਇਹ ਗਲਤੀ ਨਾਲ ਹੋਇਆ ਹੈ ਜਾਂ ਜਾਣਬੁੱਝ ਕੇ ਕਿਸੇ ਨੇ ਕੀਤਾ ਹੈ, ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ। ਉੱਥੇ ਹੀ, ਸਵਾਲ ਇਹ ਵੀ ਉੱਠਦਾ ਹੈ ਕਿ ਬਿਨਾਂ ਬੀ. ਐੱਲ. ਓ. ਦੀ ਇਜਾਜ਼ਤ ਦੇ ਵੋਟਰ ਲਿਸਟ ’ਚ ਨਾ ਤਾਂ ਕਿਸੇ ਦਾ ਨਾਂ ਜੁੜਦਾ ਹੈ ਅਤੇ ਨਾ ਹੀ ਹਟਦਾ ਹੈ, ਤਾਂ ਇੰਨੀ ਵੱਡੀ ਗਲਤੀ ਆਖਿਰ ਕਿਸ ਤਰ੍ਹਾਂ ਹੋ ਗਈ। ਬੀ. ਐੱਲ. ਓ. ਰਾਜੇਸ਼ ਗੁਪਤਾ ਦਾ ਕਹਿਣਾ ਹੈ ਕਿ ਵੋਟਰ ਲਿਸਟ ਅਨੁਸਾਰ ਵਾਰਡ ਨੰਬਰ 29 ’ਚ ਭਾਗ ਨੰਬਰ 12 ਦੀ ਸੂਚੀ ’ਚ ਲੜੀ ਨੰਬਰ 1294 ’ਤੇ ਜਗਦੀਸ਼ ਪੁੱਤਰ ਰਾਮਚੰਦਰ ਦਾ ਨਾਂ ਦਰਜ ਹੈ। ਉਸ ਦੀ ਉਮਰ 35 ਸਾਲ ਹੈ ਅਤੇ ਪਤਾ ਪ੍ਰੇਮ ਨਗਰ ਸੈਕੰਡ, ਕੰਸੂਆ ਇਲਾਕੇ ਦਾ ਹੈ। ਪਰ ਵੋਟਰ ਲਿਸਟ ’ਚ ਨਾਂ ਦੇ ਅੱਗੇ ਫੋਟੋ ਦੇ ਕਾਲਮ ’ਚ ਹਨੂਮਾਨ ਜੀ ਦੀ ਫੋਟੋ ਲੱਗੀ ਹੈ। ਕਾਫ਼ੀ ਤਲਾਸ਼ ਕਰਨ ਤੋਂ ਬਾਅਦ ਵੀ ਵੋਟਰ ਦਾ ਪਤਾ ਨਹੀਂ ਲੱਗਿਆ ਹੈ ਅਤੇ ਨਾ ਹੀ ਕੋਈ ਇਸ ਨਾਂ ਦੇ ਵਿਅਕਤੀ ਨੂੰ ਪਛਾਣ ਪਾ ਰਿਹਾ ਹੈ।

