US removes controversial “Mr. Singh” poster following strong opposition
ਭਾਰੀ ਵਿਰੋਧ ਮਗਰੋਂ ਅਮਰੀਕਾ ਨੇ ਹਟਾਇਆ ਵਿਵਾਦਿਤ “Mr Singh” ਵਾਲਾ ਪੋਸਟਰ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੇ ‘ਹੋਮਲੈਂਡ ਸਕਿਓਰਿਟੀ ਵਿਭਾਗ’ (DHS) ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ‘X’ (ਟਵਿੱਟਰ) ‘ਤੇ ਪੋਸਟ ਕੀਤੇ ਗਏ ਇੱਕ ਵਿਵਾਦਤ ਪੋਸਟਰ ਨੂੰ ਭਾਰੀ ਵਿਰੋਧ ਤੋਂ ਬਾਅਦ ਹਟਾ ਦਿੱਤਾ ਗਿਆ ਹੈ। ਇਸ ਪੋਸਟਰ ਵਿੱਚ ‘ਟ੍ਰਾਂਸਫਾਰਮਰਜ਼’ ਫਿਲਮ ਦੇ ਕਿਰਦਾਰ ਓਪਟੀਮਸ ਪ੍ਰਾਈਮ ਦੇ ਸਾਹਮਣੇ ਦਾੜ੍ਹੀ ਵਾਲੇ ਅਤੇ ਸਿਰ ‘ਤੇ ਰੁਮਾਲ ਬੰਨ੍ਹੇ ਇੱਕ ਸਿੱਖ ਵਿਅਕਤੀ ਨੂੰ ਦਿਖਾਇਆ ਗਿਆ ਸੀ। ਇਸ ਤਸਵੀਰ ‘ਤੇ “Get off our roads, you don’t know how to drive Mr. Singh” (ਸਾਡੀਆਂ ਸੜਕਾਂ ਤੋਂ ਹਟ ਜਾਓ, ਮਿਸਟਰ ਸਿੰਘ ਤੁਹਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ) ਅਤੇ “Self deport or find out” (ਖੁਦ ਦੇਸ਼ ਛੱਡੋ ਜਾਂ ਨਤੀਜਾ ਭੁਗਤੋ) ਜਿਹੇ ਵਿਵਾਦਤ ਸ਼ਬਦ ਲਿਖੇ ਹੋਏ ਸਨ। ਇਸ ਪੋਸਟਰ ਦੇ ਸਾਹਮਣੇ ਆਉਂਦੇ ਹੀ ਭਾਰਤੀ-ਅਮਰੀਕੀ ਸੰਗਠਨਾਂ ਅਤੇ ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਦੁਆਰਾ ਇਸ ਦੀ ਤੁਰੰਤ ਅਤੇ ਸਖ਼ਤ ਆਲੋਚਨਾ ਕੀਤੀ ਗਈ। ਉਨ੍ਹਾਂ ਇਸ ਨੂੰ ਸਿੱਖ ਅਮਰੀਕੀਆਂ ਵਿਰੁੱਧ ਨਸਲੀ ਵਿਤਕਰੇ ਵਾਲੀ ਅਤੇ ‘ਸਿੰਘ’ ਸਰਨੇਮ ਵਰਤਣ ਵਾਲੇ ਲੱਖਾਂ ਲੋਕਾਂ ਲਈ ਇਤਰਾਜਯੋਗ ਕਰਾਰ ਦਿੱਤਾ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਲਿਖਿਆ, “ਇਹ ਬੇਹੱਦ ਘਿਨਾਉਣਾ ਹੈ। ਟਰੰਪ ਸਰਕਾਰ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਨਸਲਪ੍ਰਸਤ ਪ੍ਰਚਾਰ ਕਰ ਰਹੀ ਹੈ”। ਵਿਵਾਦ ਵਧਣ ‘ਤੇ DHS ਨੇ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਤਸਵੀਰ ਵਿੱਚ ਹਰਜਿੰਦਰ ਸਿੰਘ ਨਾਮਕ ਭਾਰਤੀ ਨਾਗਰਿਕ ਨੂੰ ਦਿਖਾਇਆ ਗਿਆ ਸੀ, ਜੋ ਫਲੋਰੀਡਾ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ 3 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। DHS ਨੇ ਜਨਤਕ ਰੋਸ ਨੂੰ ਖਾਰਜ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਇੱਕ ਗੈਰ-ਕਾਨੂੰਨੀ ਪ੍ਰਵਾਸੀ ਹੈ, ਜਿਸ ਨੂੰ ਦੇਸ਼ ਵਿੱਚ ਨਹੀਂ ਹੋਣਾ ਚਾਹੀਦਾ ਸੀ, ਹਾਲਾਂਕਿ ਪੋਸਟ ਹਟਾਉਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ। ਇਸ ਦੇ ਨਾਲ ਹੀ DHS ਨੇ ਗਵਰਨਰ ਨਿਊਸਮ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੈਲੀਫੋਰਨੀਆ ਨੇ ਹੀ ਉਸ ਨੂੰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਦਿੱਤਾ ਸੀ। ਵਿਭਾਗ ਨੇ ਸੜਕਾਂ ‘ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੁਆਰਾ ਵਪਾਰਕ ਵਾਹਨ ਚਲਾਉਣ ਅਤੇ CDL ਧੋਖਾਧੜੀ ਦੇ ਵਿਰੁੱਧ ਆਪਣੀ ਸਖ਼ਤ ਮੁਹਿੰਮ ਨੂੰ ਜਾਰੀ ਰੱਖਣ ਦੀ ਗੱਲ ਦੋਹਰਾਈ ਹੈ ਇਹ ਘਟਨਾ 11 ਸਤੰਬਰ ਦੇ ਅੱਤਵਾਦੀ ਹਮਲਿਆਂ ਦੀ 25ਵੀਂ ਵਰ੍ਹੇਗੰਢ ਦੇ ਨੇੜੇ ਵਾਪਰੀ ਹੈ, ਜਿਸ ਕਾਰਨ ਲੋਕਾਂ ਵਿੱਚ ਰੋਸ ਹੋਰ ਵਧ ਗਿਆ। 2001 ਦੇ ਹਮਲਿਆਂ ਤੋਂ ਬਾਅਦ ਦਾੜ੍ਹੀ ਅਤੇ ਪਗੜੀ ਰੱਖਣ ਵਾਲੇ ਸਿੱਖਾਂ ਨੂੰ ਗਲਤ ਪਛਾਣ ਕਾਰਨ ਅਕਸਰ ਨਫ਼ਰਤੀ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।

