Another setback for jailed Azam Khan: FIR registered against 5 people, including the SP leader; accused of selling Hajj Committee land.
ਜੇਲ੍ਹ ‘ਚ ਬੰਦ ਆਜ਼ਮ ਖਾਨ ਨੂੰ ਇਕ ਹੋਰ ਝਟਕਾ: ਸਪਾ ਨੇਤਾ ਸਣੇ 5 ‘ਤੇ FIR, ਹੱਜ ਕਮੇਟੀ ਦੀ ਜ਼ਮੀਨ ਵੇਚਣ ਦਾ ਦੋਸ਼
ਲਖਨਊ (ਆਵਾਜ਼ਿ ਕੌਮ ਬਿਊਰੋ)-ਜੇਲ੍ਹ ’ਚ ਬੰਦ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਮੁਹੰਮਦ ਆਜ਼ਮ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲਖਨਊ ’ਚ ਵਿਜੀਲੈਂਸ ਨੇ ਹੱਜ ਕਮੇਟੀ ਦੀ ਲੱਗਭਗ 60 ਹਜ਼ਾਰ ਵਰਗਫੁੱਟ ਜ਼ਮੀਨ ਨਿਯਮਾਂ ਨੂੰ ਛਿੱਕੇ ਟੰਗ ਕੇ ਨਿੱਜੀ ਬਿਲਡਰ ਨੂੰ ਵੇਚਣ ਦੇ ਦੋਸ਼ ਹੇਠ ਆਜ਼ਮ ਖਾਨ ਸਮੇਤ 5 ਲੋਕਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਹੈ। ਦੋਸ਼ ਹੈ ਕਿ ਇਸ ਸੌਦੇ ਨਾਲ ਸਰਕਾਰ ਨੂੰ 2 ਕਰੋੜ 8 ਲੱਖ ਰੁਪਏ ਤੋਂ ਵੱਧ ਦੇ ਮਾਲੀਏ ਦਾ ਨੁਕਸਾਨ ਹੋਇਆ। ਵਿਜੀਲੈਂਸ ਇੰਸਪੈਕਟਰ ਧਰੁਵ ਚੰਦਰ ਮੌਰਿਆ ਨੇ 8 ਸਤੰਬਰ ਨੂੰ ਮੁਕੱਦਮਾ ਦਰਜ ਕਰਵਾਇਆ। ਇਸ ’ਚ ਆਜ਼ਮ ਖਾਨ ਤੋਂ ਇਲਾਵਾ ਰਾਜ ਹੱਜ ਕਮੇਟੀ ਦੇ ਤਤਕਾਲੀ ਸਕੱਤਰ ਲਈਕ ਅਹਿਮਦ, ਡਾਕਟਰ ਐੱਮ. ਏ. ਏ. ਖਾਨ, ਅਮੀਸ਼ ਡਿਵੈੱਲਪਰਜ਼ ਦੇ ਮਾਲਕ ਮੁਹੰਮਦ ਆਯੂਬ ਅਤੇ ਮੁਸਤਕੀਮ ਅਹਿਮਦ ਨੂੰ ਮੁਲਜ਼ਮ ਬਣਾਇਆ ਗਿਆ ਹੈ। ਐੱਫ. ਆਈ. ਆਰ. ’ਚ ਧੋਖਾਦੇਹੀ ਅਤੇ ਅਪਰਾਧਿਕ ਸਾਜ਼ਿਸ਼ ਦੇ ਨਾਲ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਲਾਈਆਂ ਗਈਆਂ ਹਨ। ਦੋਸ਼ਾਂ ਅਨੁਸਾਰ, ਸੌਦੇ ਦੇ ਸਮੇਂ ਆਜ਼ਮ ਖਾਨ ਰਾਜ ਹੱਜ ਕਮੇਟੀ ਦੇ ਪ੍ਰਧਾਨ ਸਨ। ਓਧਰ, ਗਵਾਹ ਨੂੰ ਧਮਕਾਉਣ ਦੇ ਮਾਮਲੇ ’ਚ ਐੱਮ. ਪੀ.-ਐੱਮ. ਐੱਲ. ਏ. ਸੈਸ਼ਨ ਕੋਰਟ ’ਚ ਬੁੱਧਵਾਰ ਨੂੰ ਜਾਂਚ ਅਧਿਕਾਰੀ ਗਜੇਂਦਰ ਤਿਆਗੀ ਫਿਰ ਪੇਸ਼ ਨਹੀਂ ਹੋਏ। ਅਦਾਲਤ ਨੇ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਮਾਮਲੇ ’ਚ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।

