SFJ threatens to disrupt key activities of tomorrow’s BRICS summit
ਐਸਐਫਜੇ ਵੱਲੋ ਭਲਕੇ ਹੋਣ ਵਾਲੇ ਬ੍ਰਿਕਸ ਸੰਮੇਲਨ ਦੀਆਂ ਮੁੱਖ ਗਤੀਵਿਧੀਆਂ ਵਿੱਚ ਵਿਘਨ ਪਾਉਣ ਦੀ ਧਮਕੀ * “ਅਮਰੀਕਾ ਖ਼ਾਲਿਸਤਾਨ ਦਾ ਸਮਰਥਨ ਕਰੇ, ਅਸੀਂ ਬ੍ਰਿਕਸ ਨੂੰ ਇੱਟ-ਇੱਟ ਕਰਕੇ ਤੋੜ ਦਿਆਂਗੇ” – ਪੰਨੂ
ਲੰਡਨ (ਸਰਬਜੀਤ ਸਿੰਘ ਬਨੂੜ/ਆਵਾਜ਼ਿ ਕੌਮ ਬਿਊਰੋ)- ਅਮਰੀਕਾ ਆਧਾਰਤ ਵੱਖਵਾਦੀ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਆਗਾਮੀ ਬ੍ਰਿਕਸ ਸੰਮੇਲਨ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇਕਰ ਅਮਰੀਕਾ ਆਜ਼ਾਦ ਖ਼ਾਲਿਸਤਾਨ ਦਾ ਸਮਰਥਨ ਕਰਦਾ ਹੈ ਤਾਂ ਖ਼ਾਲਿਸਤਾਨ ਸਮਰਥਕ ਤਾਕਤਾਂ ਬ੍ਰਿਕਸ ਨੂੰ “ਇੱਟ-ਇੱਟ ਕਰਕੇ ਤੋੜਨ” ਲਈ ਤਿਆਰ ਹਨ। ਐਸਐਫਜੇ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ “ਮੋਦੀ ਦਾ ਬ੍ਰਿਕਸ ਟਰੰਪ ਅਤੇ ਅਮਰੀਕਾ ਵਿਰੋਧੀ ਹੈ” ਅਤੇ “ਮੋਦੀ ਦੇ ਬ੍ਰਿਕਸ ਨੂੰ ਖ਼ਤਮ ਕਰੋ” ਵਰਗੇ ਨਾਅਰੇ ਲਿਖਣ ਦਾ ਵੀ ਦਾਅਵਾ ਕੀਤਾ ਹੈ। ਪੰਨੂੰ ਨੇ 12 ਅਤੇ 13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਦੀਆਂ ਮੁੱਖ ਗਤੀਵਿਧੀਆਂ ਵਿੱਚ ਵਿਘਨ ਪਾਉਣ ਦੀ ਧਮਕੀ ਦਿੰਦਿਆਂ ਕਿਹਾ ਕਿ ਖ਼ਾਲਿਸਤਾਨ ਸਮਰਥਕ ਸਿੱਖ ਇਸ ਲਈ ਪੂਰੀ ਤਰ੍ਹਾਂ ਲਾਮਬੰਦ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਭਾਰਤ ਅਮਰੀਕਾ ਨਾਲ ਸਬੰਧ ਰੱਖਦਿਆਂ ਉਸ ਦੇ ਵਿਰੋਧੀ ਦੇਸ਼ਾਂ ਨਾਲ ਵੀ ਨੇੜਤਾ ਵਧਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧਾ ਸੰਬੋਧਨ ਕਰਦਿਆਂ ਪੰਨੂੰ ਨੇ ਕਿਹਾ ਕਿ ਜੇਕਰ ਅਮਰੀਕਾ ‘ਅਮਰੀਕਾ ਫਸਟ’ ਨੀਤੀ ਨੂੰ ਸੁਰੱਖਿਅਤ ਰੱਖਣਾ, ਡਾਲਰ ਨੂੰ ਬ੍ਰਿਕਸ ਨਾਲ ਜੁੜੀਆਂ ਵਿੱਤੀ ਚੁਣੌਤੀਆਂ ਤੋਂ ਬਚਾਉਣਾ ਅਤੇ ਚੀਨ, ਰੂਸ ਤੇ ਇਰਾਨ ਦੇ ਮੁਕਾਬਲੇ ਦੱਖਣੀ ਏਸ਼ੀਆ ਵਿੱਚ ਜ਼ਮੀਨੀ ਸਮਰਥਨ ਹਾਸਲ ਕਰਨਾ ਚਾਹੁੰਦਾ ਹੈ ਤਾਂ ਟਰੰਪ ਪ੍ਰਸ਼ਾਸਨ ਨੂੰ ਇੱਕ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦਾ ਸਮਰਥਨ ਕਰਨਾ ਚਾਹੀਦਾ ਹੈ। ਪੰਨੂੰ ਨੇ ਦਾਅਵਾ ਕੀਤਾ ਕਿ ‘ਸਿੱਖ ਹੋਮਲੈਂਡ ਸਿਕਿਓਰਿਟੀ’ ਦੱਖਣੀ ਏਸ਼ੀਆ ਵਿੱਚ ਅਮਰੀਕਾ ਦੇ ਸਭ ਤੋਂ ਵਫ਼ਾਦਾਰ ਸਹਿਯੋਗੀ ਵਜੋਂ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਖ਼ਾਲਿਸਤਾਨ ਦੀ ਸਥਾਪਨਾ ਨੂੰ ਅਮਰੀਕਾ ਲਈ ਇੱਕ ਰਣਨੀਤਕ ਸੰਪਤੀ ਵਜੋਂ ਪੇਸ਼ ਕਰਦਿਆਂ ਬ੍ਰਿਕਸ ਨੂੰ ਕਮਜ਼ੋਰ ਕਰਨ, ਭਾਰਤ ਨੂੰ ਅਲੱਗ-ਥਲੱਗ ਕਰਨ ਅਤੇ ਚੀਨ ਤੇ ਰੂਸ ਦੇ ਪ੍ਰਭਾਵ ਨੂੰ ਸੀਮਤ ਕਰਨ ਦੀ ਗੱਲ ਕੀਤੀ। ਪੰਨੂੰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਸਮੇਂ ਗਲੋਬਲ ਖ਼ਾਲਿਸਤਾਨ ਰੈਫਰੈਂਡਮ ਰਾਹੀਂ ਲੋਕਤੰਤਰਿਕ ਢੰਗ ਨਾਲ ਪੰਜਾਬ ਦੀ ਆਜ਼ਾਦੀ ਲਈ ਮੁਹਿੰਮ ਚਲਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਰਾਜ ਨੂੰ ਤੋੜਨ ਲਈ ਅਮਰੀਕਾ ਦੀ ਪਸੰਦ ਦੇ “ਹਥਿਆਰ” ਦੀ ਵਰਤੋਂ ਕਰਨ ਲਈ ਤਿਆਰ ਬਰ ਤਿਆਰ ਹੋਣ ਦਾ ਐਲਾਨ ਕੀਤਾ ਗਿਆ । ਆਪਣੀ ਜਾਨ ਨੂੰ ਖ਼ਤਰੇ ਬਾਰੇ ਪੰਨੂ ਨੇ ਕਿਹਾ, “ਮੈਂ ਮੌਤ ਤੋਂ ਨਹੀਂ ਡਰਦਾ ਅਤੇ ਨਾ ਹੀ ਭਾਰਤ ਦੀਆਂ ਗੋਲੀਆਂ ਤੋਂ ਡਰਦਾ ਹਾਂ। ਮੈਂ ਪੰਜਾਬ ਦੀ ਆਜ਼ਾਦੀ ਲਈ ਮਰਨ ਨੂੰ ਤਿਆਰ ਹਾਂ ਅਤੇ ਅਮਰੀਕਾ ਦੀ ਸਰਵਉੱਚਤਾ ਕਾਇਮ ਰੱਖਣ ਲਈ ਵੀ ਮਰਨ ਨੂੰ ਤਿਆਰ ਹਾਂ।”

